ਨਵੀਂ ਦਿੱਲੀ : ਕੁਆਰਟਰ ਫਾਈਨਲ ਵਿਚ ਮੋਰਾਕੋ ਹੱਥੋਂ ਹੋਈ ਹਾਰ ਨਾਲ ਵਿਸ਼ਵ ਕੱਪ ਫੁੱਟਬਾਲ ਜਿੱਤਣ ਦਾ ਸੁਫਨਾ ਟੁੱਟਣ ਤੋਂ ਪੁਰਤਗਾਲ ਦਾ ਸਟਾਰ ਖਿਡਾਰੀ ਰੋਂਦਾ ਹੋਇਆ ਮੈਦਾਨ ਤੋਂ ਬਾਹਰ ਨਿਕਲਿਆ ਤਾਂ ਉਸ ਦੇ ਕਰੋੜਾਂ ਦੀਵਾਨੇ ਜਜ਼ਬਾਤੀ ਹੋ ਗਏ | ਭਾਰਤ ਦਾ ਸਾਬਕਾ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਵੀ ਉਨ੍ਹਾਂ ਵਿਚ ਇਕ ਹੈ |
ਵਿਰਾਟ ਨੇ ਜਜ਼ਬਾਤੀ ਟਵੀਟ ਕਰਕੇ ਕਿਹਾ ਹੈ—ਤੁਸੀਂ ਇਸ ਖੇਡ ਵਿਚ ਅਤੇ ਦੁਨੀਆ-ਭਰ ਦੇ ਖੇਡ ਪ੍ਰਸੰਸਕਾਂ ਲਈ ਜੋ ਕੁਝ ਵੀ ਕੀਤਾ ਹੈ, ਉਸ ਨੂੰ ਕੋਈ ਟਰਾਫੀ ਜਾਂ ਕੋਈ ਖਿਤਾਬ ਨਹੀਂ ਖੋਹ ਸਕਦੇ | ਕੋਈ ਖਿਤਾਬ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਲੋਕਾਂ ‘ਤੇ ਕਿੰਨਾ ਪ੍ਰਭਾਵ ਪਾਇਆ ਹੈ ਅਤੇ ਜਦ ਮੈਂ ਤੇ ਦੁਨੀਆ-ਭਰ ਦੇ ਕਈ ਲੋਕ ਤੁਹਾਨੂੰ ਖੇਡਦੇ ਦੇਖਦੇ ਹਾਂ ਤਾਂ ਕੀ ਮਹਿਸੂਸ ਕਰਦੇ ਹਾਂ | ਤੁਹਾਨੂੰ ਖੇਡਦੇ ਦੇਖਣਾ ਰੱਬ ਦਾ ਦਿੱਤਾ ਤੋਹਫਾ ਹੈ |
ਵਿਰਾਟ ਨੇ ਦੂਜੇ ਟਵੀਟ ਵਿਚ ਕਿਹਾ ਹੈ—ਤੁਹਾਡੀ ਖੇਡ ਸਹੀ ਅਰਥਾਂ ਵਿਚ ਵਿਲੱਖਣ ਹੈ | ਤੁਸੀਂ ਆਪਣੀ ਹਰ ਗੇਮ ਵਿਚ 100 ਫੀਸਦੀ ਜ਼ੋਰ ਲਾਉਂਦੇ ਹੋ | ਤੁਸੀਂ ਅਜਿਹੇ ਵਿਅਕਤੀ ਲਈ ਇਕ ਅਸ਼ੀਰਵਾਦ ਦੀ ਤਰ੍ਹਾਂ ਹੋ, ਜੋ ਹਰ ਵਾਰ ਆਪਣੇ ਦਿਲ ਨਾਲ ਖੇਡਦਾ ਹੈ | ਕਿਸੇ ਵੀ ਖਿਡਾਰੀ ਲਈ ਸਖਤ ਮਿਹਨਤ, ਸਮਰਪਣ ਤੇ ਸੱਚੀ ਪ੍ਰੇਰਣਾ ਦਾ ਪ੍ਰਤੀਕ ਹੋ | ਮੇਰੇ ਲਈ ਤੁਸੀਂ ਸਰਬਕਾਲੀ ਮਹਾਨ ਖਿਡਾਰੀ ਹੋ |