ਨਵੀਂ ਦਿੱਲੀ : ਪੰਜਵੀਂ ਦੀ ਵਿਦਿਆਰਥਣ ਦੇ ਸਿਰ ‘ਤੇ ਕੈਂਚੀ ਨਾਲ ਵਾਰ ਕਰਨ ਅਤੇ ਫਿਰ ਉਸ ਨੂੰ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸੁੱਟਣ ਦੇ ਦੋਸ਼ ‘ਚ ਸ਼ੁੱਕਰਵਾਰ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੂੰ ਹਿਰਾਸਤ ‘ਚ ਲੈ ਲਿਆ ਗਿਆ | ਇਹ ਘਟਨਾ ਦਿੱਲੀ ਦੇ ਰਾਣੀ ਝਾਂਸੀ ਰੋਡ ਨੇੜੇ ਮਾਡਲ ਬਸਤੀ ਦੇ ਸਾਹਮਣੇ ਪ੍ਰਾਥਮਿਕ ਵਿਦਿਆਲਿਆ ਦੀ ਹੈ | ਵਿਦਿਆਰਥਣ ਦਾ ਹਿੰਦੂਰਾਓ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਤੇ ਉਹ ਖਤਰੇ ਤੋਂ ਬਾਹਰ ਹੈ | ਮੁਲਜ਼ਮ ਅਧਿਆਪਕਾ ਦੀ ਪਛਾਣ ਗੀਤਾ ਦੇਸਵਾਲ ਵਜੋਂ ਹੋਈ ਹੈ | ਜਾਂਚ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਚਸ਼ਮਦੀਦ ਗਵਾਹ ਦੇ ਬਿਆਨ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਬੱਚਿਆਂ ਨੇ ਦੱਸਿਆ ਕਿ ਅਧਿਆਪਕਾ ਪਹਿਲਾਂ ਵੀ ਵਿਦਿਆਰਥੀਆਂ ਨੂੰ ਕੁੱਟ ਚੁੱਕੀ ਹੈ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ |




