ਪੱਤਰਕਾਰਾਂ ‘ਤੇ ਕਹਿਰ

0
341

ਦੁਨੀਆ ਭਰ ‘ਚ ਜੇਲ੍ਹਾਂ ‘ਚ ਡੱਕੇ ਪੱਤਰਕਾਰਾਂ ਦੀ ਗਿਣਤੀ ਇਸ ਸਾਲ ਰਿਕਾਰਡ ਪੱਧਰ ‘ਤੇ ਪੁੱਜ ਗਈ | ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨਾਂ ਦੀ ਗੈਰ-ਲਾਭਕਾਰੀ ਜਥੇਬੰਦੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਇੱਕ ਦਸੰਬਰ 2022 ਤੱਕ 363 ਰਿਪੋਰਟਰ/ਪੱਤਰਕਾਰ ਸਲਾਖਾਂ ਪਿੱਛੇ ਸਨ | ਰਿਪੋਰਟ ਮੁਤਾਬਕ ਕੋਵਿਡ-19 ਤੇ ਯੂਕਰੇਨ ਜੰਗ ਦੇ ਦੋਹਰੇ ਸੰਕਟ ਦਰਮਿਆਨ ਤਾਨਾਸ਼ਾਹੀ ਸਰਕਾਰਾਂ ਬੇਚੈਨੀ ਨੂੰ ਬਾਹਰ ਆਉਣ ਤੋਂ ਰੋਕਣ ਲਈ ਮੀਡੀਆ ਨੂੰ ਦਬਾਉਣ ਦੇ ਦਮਨਕਾਰੀ ਜਤਨ ਵਧਾ ਰਹੀਆਂ ਹਨ | ਰਿਪੋਰਟ ਮੁਤਾਬਕ ਭਾਰਤ ‘ਚ ਇਸ ਸਮੇਂ 7 ਪੱਤਰਕਾਰ ਜੇਲ੍ਹ ‘ਚ ਹਨ, ਜਿਨ੍ਹਾਂ ‘ਚ ਕਸ਼ਮੀਰ ਨੈਰੇਟਰ ਦੇ ਆਸਿਫ ਸੁਲਤਾਨ, ਸੱਜਾਦ ਗੁਲ, ਗੌਤਮ ਨਵਲੱਖਾ, ਮਨਨ ਡਾਰ, ਸਿੱਦੀਕ ਕੱਪਨ, ਫਹਦ ਸ਼ਾਹ ਤੇ ਰੁਪੇਸ਼ ਕੁਮਾਰ ਸਿੰਘ ਸ਼ਾਮਲ ਹਨ | ਪਿਛਲੇ ਸਾਲ ਵੀ 7 ਪੱਤਰਕਾਰ ਜੇਲ੍ਹਾਂ ‘ਚ ਬੰਦ ਸਨ | ਜਥੇਬੰਦੀ ਮੁਤਾਬਕ ਹਾਲਾਂਕਿ ਲੋਕ ਸੁਰੱਖਿਆ ਕਾਨੂੰਨ (ਪੀ ਐੱਸ ਏ) ਦੀ ਵਰਤੋਂ ਦੀ ਆਲੋਚਨਾ ਹੁੰਦੀ ਰਹਿੰਦੀ ਹੈ, ਇਸ ਦੀ ਵਰਤੋਂ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਬਾਵਜੂਦ ਕਸ਼ਮੀਰੀ ਪੱਤਰਕਾਰਾਂ ਨੂੰ ਅੰਦਰ ਡੱਕੀ ਰੱਖਣ ਲਈ ਕੀਤੀ ਗਈ ਹੈ | ਜੇਲ੍ਹਬੰਦ 7 ‘ਚੋਂ 6 ਪੱਤਰਕਾਰਾਂ ਖਿਲਾਫ ਦਹਿਸ਼ਤਗਰਦੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਜਾਂਚ ਕੀਤੀ ਜਾ ਰਹੀ ਹੈ ਜਾਂ ਇਸ ਕਰੜੇ ਕਾਨੂੰਨ ਤਹਿਤ ਦੋਸ਼ ਲਾਏ ਗਏ ਹਨ | ਇਨ੍ਹਾਂ 7 ਪੱਤਰਕਾਰਾਂ ‘ਚੋਂ 3 ਬਿਨਾਂ ਮੁਕੱਦਮਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਅੰਦਰ ਹਨ | ਆਸਿਫ ਸੁਲਤਾਨ ਤਾਂ ਸਵਾ ਚਾਰ ਸਾਲ ਤੋਂ ਅੰਦਰ ਹੈ | ਉਸ ਨੂੰ ਸ਼ੁਰੂ ‘ਚ ਯੂ ਏ ਪੀ ਏ ਤਹਿਤ ਗਿ੍ਫਤਾਰ ਕੀਤਾ ਗਿਆ ਸੀ ਪਰ ਜ਼ਮਾਨਤ ਮਿਲਣ ਦੇ ਬਾਅਦ ਅਪ੍ਰੈਲ ‘ਚ ਪੀ ਐੱਸ ਏ ਤਹਿਤ ਗਿ੍ਫਤਾਰ ਕਰ ਲਿਆ ਗਿਆ | ਯੂ ਪੀ ‘ਚ 5 ਅਕਤੂਬਰ 2020 ਨੂੰ ਗਿ੍ਫਤਾਰ ਕੀਤਾ ਗਿਆ ਕੇਰਲਾ ਦਾ ਸਿੱਦੀਕ ਕੱਪਨ 2 ਸਾਲ 2 ਮਹੀਨਿਆਂ ਤੋਂ ਅੰਦਰ ਹੈ | ਸੁਪਰੀਮ ਕੋਰਟ ਨੇ ਉਸ ਨੂੰ ਹਾਥਰਸ ਬਲਾਤਕਾਰ ਕਾਂਡ ਦੇ ਵਿਰੋਧ ਨਾਲ ਸੰਬੰਧਤ ਇੱਕ ਕਥਿਤ ਵੱਡੀ ਸਾਜ਼ਿਸ਼ ਦੇ ਕੇਸ ‘ਚ ਜ਼ਮਾਨਤ ਦੇ ਦਿੱਤੀ ਸੀ ਪਰ ਫਿਲਹਾਲ ਉਹ ਮਨੀ ਲਾਂਡਰਿੰਗ ਦੇ ਕੇਸ ‘ਚ ਜੇਲ੍ਹ ‘ਚ ਹੈ |
ਈਰਾਨ ‘ਚ ਹਿਜਾਬ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਦਰਮਿਆਨ 49 ਪੱਤਰਕਾਰਾਂ ਨੂੰ ਗਿ੍ਫਤਾਰ ਕਰ ਲਿਆ ਗਿਆ, ਜਿਨ੍ਹਾਂ ‘ਚ 22 ਮਹਿਲਾ ਪੱਤਰਕਾਰ ਹਨ | ਵੱਖ-ਵੱਖ ਦੇਸ਼ਾਂ ‘ਚ ਦਮਨਕਾਰੀ ਰਣਨੀਤੀਆਂ ਵੱਖ-ਵੱਖ ਹਨ ਪਰ ਦਰਜ ਮਾਮਲੇ ਦਰਸਾਉਂਦੇ ਹਨ ਕਿ ਇਨ੍ਹਾਂ ਪਿੱਛੇ ਹਕੂਮਤੀ ਬਦਲਾਖੋਰੀ ਇੱਕੋ ਜਿਹੀ ਹੈ | ਪੱਤਰਕਾਰਾਂ ਨੂੰ ਕੈਦ ਕਰਨਾ ਇੱਕ ਰਵਾਇਤ ਬਣ ਗਈ ਹੈ, ਜੋ ਦਿਖਾਉਂਦੀ ਹੈ ਕਿ ਕਿਵੇਂ ਤਾਨਾਸ਼ਾਹ ਪ੍ਰੈੱਸ ਦੀ ਅਜ਼ਾਦੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਹਨ | ਦੁਨੀਆ ਭਰ ‘ਚ ਸਰਕਾਰਾਂ ਫੇਕ ਨਿਊਜ਼ ਕਾਨੂੰਨ ਵਰਗੀ ਰਣਨੀਤੀ ਵੀ ਅਪਣਾ ਰਹੀਆਂ ਹਨ | ਪੱਤਰਕਾਰਤਾ ਨੂੰ ਅਪਰਾਧ ਬਣਾਉਣ ਲਈ ਮੁਜਰਮਾਨਾ ਮਾਣਹਾਨੀ ਤੇ ਅਸਪੱਸ਼ਟ ਕਾਨੂੰਨ ਇਸਤੇਮਾਲ ਕਰਦਿਆਂ ਕਾਨੂੰਨ ਦੇ ਸ਼ਾਸਨ ਤੇ ਨਿਆਇਕ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੀਆਂ ਹਨ | ਪੱਤਰਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਵਾਰਾਂ ਵਿਰੁੱਧ ਜਾਸੂਸੀ ਕਰਦਿਆਂ ਟੈਕਨਾਲੋਜੀ ਦੀ ਦੁਰਵਰਤੋਂ ਕਰ ਰਹੀਆਂ ਹਨ | ਇਹ ਸਭ ਕੁਝ ਉਨ੍ਹਾਂ ਪੱਤਰਕਾਰਾਂ ਖਿਲਾਫ ਹੋ ਰਿਹਾ ਹੈ, ਜਿਹੜੇ ਹਕੂਮਤੀ ਖੌਫ ਤੋਂ ਡਰੇ ਬਿਨਾਂ ਸੱਚ ਬਿਆਨ ਕਰਕੇ ਇਮਾਨਦਾਰਾਨਾ ਪੱਤਰਕਾਰੀ ਕਰ ਰਹੇ ਹਨ |

LEAVE A REPLY

Please enter your comment!
Please enter your name here