ਸਰਕਾਰ ਘੂਕ ਸੁੱਤੀ ਪਈ, ਚੀਨ ਵੱਲੋਂ ਜੰਗ ਦੀ ਤਿਆਰੀ : ਰਾਹੁਲ

0
217

ਦੌਸਾ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਸਪੱਸ਼ਟ ਤੌਰ ‘ਤੇ ਅਰੁਣਾਚਲ ਤੇ ਲੱਦਾਖ ਵਾਲੇ ਪਾਸੇ ਜੰਗ ਦੀ ਤਿਆਰੀ ਕਰ ਰਿਹਾ ਹੈ ਅਤੇ ਘੂਕ ਸੁੱਤੀ ਭਾਰਤ ਸਰਕਾਰ ਇਸਨੂੰ ਪ੍ਰਵਾਨ ਨਹੀਂ ਕਰ ਰਹੀ | ਉਨ੍ਹਾ ਕਿਹਾ—ਮੈਂ ਇਹ ਪਿਛਲੇ ਦੋ-ਤਿੰਨ ਸਾਲ ਤੋਂ ਕਹਿ ਰਿਹਾਂ ਹਾਂ ਕਿ ਚੀਨ ਜੰਗ ਦੀ ਤਿਆਰੀ ਕਰ ਰਿਹਾ ਹੈ ਪਰ ਸਰਕਾਰ ਖਤਰੇ ਨੂੰ ਲੁਕੋ ਰਹੀ ਹੈ ਜਾਂ ਨਜ਼ਰਅੰਦਾਜ਼ ਕਰ ਰਹੀ ਹੈ | ਪਰ ਖਤਰੇ ਨੂੰ ਅਣਡਿੱਠ ਤੇ ਅਣਗੌਲਿਆ ਨਹੀਂ ਜਾ ਸਕਦਾ, ਕਿਉਂਕਿ ਚੀਨ ਪੂਰੀ ਤਿਆਰੀ ਕਰ ਰਿਹਾ ਹੈ | ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਹਥਿਆਰ ਦੇਖੋ | ਇਹ ਘੁਸਪੈਠ ਵਾਲੇ ਨਹੀਂ, ਜੰਗ ਵਾਲੇ ਹਨ | ਸਰਕਾਰ ਸ਼ਾਇਦ ਇਸਨੂੰ ਪ੍ਰਵਾਨ ਨਹੀਂ ਕਰ ਸਕਦੀ | ਜੋ ਹੋ ਰਿਹਾ ਹੈ ਉਸਨੂੰ ਸਮਝਣ ਦੀ ਲੋੜ ਹੈ |
ਚੀਨ ਬਾਰੇ ਸਵਾਲ ਪੁੱਛੇ ਜਾਣ ਤੋਂ ਪਹਿਲਾਂ ਰਾਹੁਲ ਨੇ ਕਿਹਾ—ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੈਂ ਕਾਂਗਰਸ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਪੱਤਰਕਾਰ ਮੈਨੂੰ ਚੀਨ ਬਾਰੇ ਸਵਾਲ ਨਹੀਂ ਕਰੇਗਾ | ਪੱਤਰਕਾਰ ਸਚਿਨ ਪਾਇਲਟ, ਅਸ਼ੋਕ ਗਹਿਲੋਤ ਤੇ ਚੋਣਾਂ ਬਾਰੇ ਸਵਾਲ ਕਰਨਗੇ, ਪਰ ਚੀਨ ਬਾਰੇ ਨਹੀਂ | 9 ਦਸੰਬਰ ਨੂੰ ਅਰੁਣਾਚਲ ਦੇ ਤਵਾਂਗ ਸੈਕਟਰ ਵਿਚ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਝੜਪ ਵਿਚ ਦੋਹਾਂ ਧਿਰਾਂ ਦੇ ਜਵਾਨ ਜ਼ਖਮੀ ਹੋ ਗਏ ਸਨ | ਅਪੋਜ਼ੀਸ਼ਨ ਇਸ ਬਾਰੇ ਸੰਸਦ ਵਿਚ ਬਹਿਸ ਦੀ ਮੰਗ ਕਰ ਰਹੀ ਹੈ ਪਰ ਇਸਦੀ ਆਗਿਆ ਨਹੀਂ ਮਿਲ ਰਹੀ |
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਫਾਸ਼ੀ ਪਾਰਟੀ ਨਹੀਂ ਹੈ ਅਤੇ ਇਸ ਵਿਚ ਹਰ ਕੋਈ ਰਾਇ ਦੇ ਸਕਦਾ ਹੈ | ਵਰਕਰਾਂ ਦੀ ਰਾਇ ਸੁਣੀ ਜਾਣੀ ਚਾਹੀਦੀ ਹੈ | ਉਨ੍ਹਾ ਕਿਹਾ ਕਿ ਇਹ ਗਲਤ ਬਿਆਨੀਆ ਹੈ ਕਿ ਕਾਂਗਰਸ ਟੁੱਟ ਰਹੀ ਹੈ | ਭਾਜਪਾ ਢੱਠੇਗੀ ਤੇ ਕਾਂਗਰਸ ਹੀ ਢਾਹੇਗੀ | ਆਗੂਆਂ ਦੇ ਕਾਂਗਰਸ ਛੱਡਣ ਬਾਰੇ ਉਨ੍ਹਾ ਕਿਹਾ ਕਿ ਅਜਿਹੇ ਆਗੂ ਭਾਜਪਾ ਨਾਲ ਲੜਨਾ ਨਹੀਂ ਚਾਹੁੰਦੇ | ਰਾਹੁਲ ਗਾਂਧੀ ਨੇ ਇਹ ਵੀ ਕਿਹਾ—ਮੈਂ ਨਹੀਂ ਕਹਿੰਦਾ ਕਿ ਕਾਂਗਰਸ ਨੇ ਬੀਤੇ ਵਿਚ ਗਲਤੀਆਂ ਨਹੀਂ ਕੀਤੀਆਂ | ਮੇਰੇ ਸਣੇ ਹੋਰ ਆਗੂ ਲੋਕਾਂ ਤੋਂ ਦੂਰ ਹੋ ਗਏ ਸੀ | ਇਹ ਦੂਰੀ ਜਿਸਮਾਨੀ ਨਹੀਂ ਸਗੋਂ ਦੁਖਦਾਈ ਦੂਰੀ ਹੈ | ਆਪਣੀ ਯਾਤਰਾ ਵਿਚ ਅਸੀਂ ਲੋਕਾਂ ਦਾ ਇਹ ਦੁੱਖ ਮਹਿਸੂਸ ਕਰ ਰਹੇ ਹਾਂ |
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਸ਼ੁੱਕਰਵਾਰ ਰਾਜਸਥਾਨ ਵਿਚ ਰਾਹੁਲ ਗਾਂਧੀ ਦੇ ਨਾਲ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਏ, ਜਿਸ ਦਾ ਸੌਵਾਂ ਦਿਨ ਸੀ |

LEAVE A REPLY

Please enter your comment!
Please enter your name here