ਸੰਸਦ ‘ਚ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਮੰਗ ਚੁੱਕੀ

0
203

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਹਰ ਸਾਲ ਸ਼ਹੀਦੀ ਹਫਤੇ ਦੌਰਾਨ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਉਨ੍ਹਾ ਦੀ ਮਾਤਾ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਮੰਗ ਕੀਤੀ ਹੈ | ਚੱਢਾ ਨੇ ਸ਼ੁੱਕਰਵਾਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਇੱਕ ਮੰਗ ਪੱਤਰ ਸੌਂਪਿਆ | ਆਪਣੇ ਪੱਤਰ ਵਿੱਚ ਚੱਢਾ ਨੇ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਅਤੇ ਦਿਲ ਪਸੀਜ ਦੇਣ ਵਾਲੀ ਘਟਨਾ ਹੈ | ਇੱਕ ਪਾਸੇ ਇਹ ਘਟਨਾ ਜ਼ੁਲਮ ਦੀ ਘਿਣਾਉਣੀ ਤਸਵੀਰ ਪੇਸ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਜੁਝਾਰੂਪਣ, ਬਹਾਦਰੀ ਅਤੇ ਸਿੱਖੀ ਸਿਦਕ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਲੜਕੇ ਸ਼ਹੀਦ ਹੋਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਹਕੂਮਤ ਨੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ |
ਮੈਥਿਲੀ ਸਰਨ ਗੁਪਤ ਨੇ ਇਸ ਮਹਾਨ ਸ਼ਹਾਦਤ ਬਾਰੇ ਲਿਖਿਆ ਹੈ…
‘ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਜੋ ਬਲਿਦਾਨ,
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ |’
ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਅਤੇ ਦੇਸ਼ ਦਾ ਨਾਂਅ ਉੱਚਾ ਕੀਤਾ | ਸਾਹਿਬਜ਼ਾਦਿਆਂ ‘ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਗਏ ਅਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ |  ਰਾਘਵ ਚੱਢਾ ਨੇ ਰਾਜ ਸਭਾ ਚੇਅਰਮੈਨ ਤੋਂ ਮੰਗ ਕੀਤੀ ਕਿ ਦੇਸ਼ ਦੇ ਸਾਰੇ ਸਕੂਲ ਸਿੱਖਿਆ ਬੋਰਡ ਬੱਚਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼ ਅਤੇ ਧਰਮ ਦੇ ਹਿੱਤ ‘ਚ ਦਿੱਤੀ ਸ਼ਹਾਦਤ ਬਾਰੇ ਪੜ੍ਹਾਉਣ | ਇਸ ਨਾਲ ਬੱਚਿਆਂ ਨੂੰ ਨਾ ਸਿਰਫ ਗੁਰੂ ਸਾਹਿਬ ਦੀ ਬਹਾਦਰੀ ਦੀ ਗਾਥਾ ਦਾ ਪਤਾ ਲੱਗੇਗਾ, ਸਗੋਂ ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੋਵੇਗੀ |

LEAVE A REPLY

Please enter your comment!
Please enter your name here