ਨਵੀਂ ਦਿੱਲੀ : ਬਿਹਾਰ ਦੇ ਛਪਰਾ ਜ਼ਿਲ੍ਹੇ ‘ਚ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ | ਇਸ ਤਰਾਸਦੀ ‘ਚ ਦਰਜਨਾਂ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ | ਇਸ ਸ਼ਰਾਬ ਕਾਂਡ ਨੂੰ ਲੈ ਕੇ ਪਟਨਾ ਤੋਂ ਦਿੱਲੀ ਤੱਕ ਸਿਆਸੀ ਪਾਰਾ ਵੀ ਚੜਿ੍ਹਆ ਸੀ | ਵਿਧਾਨ ਸਭਾ ਦੇ ਨਾਲ-ਨਾਲ ਲੋਕ ਸਭਾ ‘ਚ ਵੀ ਸਵਾਲ ਉੱਠੇ ਸਨ | ਵਿਰੋਧੀ ਦਲ ਦੇ ਮੈਂਬਰਾਂ ਦੇ ਹੰਗਾਮੇ ‘ਚ ਸਦਨ ‘ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਭੜਕ ਗਏ ਸਨ | ਇਸ ਸ਼ਰਾਬ ਕਾਂਡ ‘ਚ ਜਿਸ ਤਰ੍ਹਾਂ ਲੋਕਾਂ ਦੀ ਮੌਤ ਦਾ ਅੰਕੜਾ ਵਧਦਾ ਗਿਆ, ਉਸੇ ਤਰ੍ਹਾਂ ਪੁਲਸ ਦੀ ਜਾਂਚ-ਪੜਤਾਲ ਤੇਜ਼ ਹੁੰਦੀ ਗਈ | ਨਤੀਜਾ ਇਹ ਹੈ ਕਿ ਇਸ ਮਾਮਲੇ ਦੇ ਕਈ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਸ਼ਨੀਵਾਰ ਪੁਲਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ | ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ ਛਪਰਾ ਤੋਂ ਜ਼ਹਿਰੀਲੀ ਸ਼ਰਾਬ ਕਾਂਡ ਦੇ ਸਾਜ਼ਿਸ਼ਘਾੜੇ ਰਾਮਬਾਬੂ ਨੂੰ ਗਿ੍ਫ਼ਤਾਰ ਕਰ ਲਿਆ | ਇਸ ਦੀ ਗਿ੍ਫ਼ਤਾਰੀ ਦੀ ਜਾਣਕਾਰੀ ਬਿਹਾਰ ਪੁਲਸ ਨੂੰ ਦੇ ਦਿੱਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਰਾਮਬਾਬੂ ਨੇ ਹੀ ਕੈਮੀਕਲ ਮਿਲਾ ਕੇ ਜ਼ਹਿਰੀਲੀ ਸ਼ਰਾਬ ਤਿਆਰ ਕੀਤੀ ਸੀ, ਜਿਸ ਨੂੰ ਪੀਣ ਨਾਲ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ | ਗਿ੍ਫ਼ਤਾਰ ਰਾਮਬਾਬੂ ਦੀ ਉਮਰ 35 ਸਾਲ ਹੈ ਤੇ ਉਹ ਛਪਰਾ ਦਾ ਹੀ ਰਹਿਣ ਵਾਲਾ ਹੈ | ਰਾਮਬਾਬੂ ਨੇ ਹੀ ਹੋਮਿਓਪੈਥਿਕ ਦਵਾਈ ਨਾਲ ਸ਼ਰਾਬ ਬਣਾਈ ਸੀ | ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਹੈ |