ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇਸ਼ ‘ਚ ਵਧ ਰਹੀ ਨਫ਼ਰਤ, ਡਰ ਅਤੇ ਹਿੰਸਾ ਖਿਲਾਫ਼ ਹੈ | ਭਾਰਤ ਜੋੜੋ ਯਾਤਰਾ ਦੇਸ਼ ਦੀ ਆਵਾਜ਼ ਹੈ | ਇਸ ਦੌਰਾਨ ਰਾਹੁਲ ਗਾਂਧੀ ਨੇ ਆਰ ਐੱਸ ਐੱਸ ਅਤੇ ਭਾਜਪਾ ਨੇਤਾਵਾਂ ਦਾ ਧੰਨਵਾਦ ਵੀ ਦਿੱਤਾ | ਰਾਹੁਲ ਨੇ ਕਿਹਾ ਕਿ ਜਿੰਨਾ ਉਹ ਹਮਲੇ ਕਰਦੇ ਹਨ, ਓਨਾ ਹੀ ਅਸੀਂ ਮਜ਼ਬੂਤ ਹੁੰਦੇ ਹਾਂ | ਮੈਂ ਚਾਹੁੰਦਾ ਹਾਂ ਕਿ ਉਹ ਥੋੜ੍ਹਾ ਹੋਰ ਗੁੱਸੇ ਨਾਲ ਹਮਲੇ ਕਰਨ ਤਾਂ ਕਾਂਗਰਸ ਪਾਰਟੀ ਅਤੇ ਮੈਨੂੰ ਲਾਭ ਹੋਵੇਗਾ | ਇੱਕ ਪ੍ਰਕਾਰ ਨਾਲ ਮੈਂ ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹਾਂ | ਇੱਕ ਪ੍ਰਕਾਰ ਨਾਲ ਉਹ ਸਾਨੂੰ ਰਸਤਾ ਦਿਖਾ ਰਹੇ ਹਨ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ |
ਉਨ੍ਹਾ ਚੀਨ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ | ਉਨ੍ਹਾ ਕਿਹਾ ਕਿ ਚੀਨ ਸਾਡਾ 2000 ਵਰਗ ਕਿਲੋਮੀਟਰ ਇਲਾਕਾ ਲੈ ਗਿਆ ਅਤੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਹਨ ਕਿ ਕੋਈ ਨਹੀਂ ਆਇਆ | ਉਨ੍ਹਾ ਕਿਹਾ— ‘ਜੇ ਮੈਂ ਤੁਹਾਡੇ ਘਰ ‘ਚ ਵੜ ਗਿਆ ਅਤੇ ਤੁਹਾਨੂੰ ਕਹਾਂ ਕਿ ਕੋਈ ਨਹੀਂ ਆਇਆ, ਤਾਂ ਇਸ ਨਾਲ ਕੀ ਸੰਦੇਸ਼ ਜਾਵੇਗਾ? ਸਰਕਾਰ ਇਸ ਮਾਮਲੇ ਨੂੰ ਲੈ ਕੇ ਭੁਲੇਖੇ ‘ਚ ਹੈ |’ ਉਨ੍ਹਾ ਕਿਹਾ ਕਿ ਜਦ ਸਰਕਾਰ ਨੂੰ ਘੇਰਦਾ ਹਾਂ ਤਾਂ ਉਹ ਫੌਜ ਦੇ ਪਿੱਛੇ ਲੁਕ ਜਾਂਦੇ ਹਨ, ਜਦਕਿ ਸਰਕਾਰ ਅਤੇ ਫੌਜ ‘ਚ ਫਰਕ ਹੈ | ਉਨ੍ਹਾ ਅਨੁੁਸਾਰ ਸਰਕਾਰ ਨੂੰ ਸਾਡੀ ਫੌਜ, ਏਅਰਫੋਰਸ ਅਤੇ ਨੇਵੀ ਦੀ ਗੱਲ ਸੁਣਨੀ ਹੋਵੇਗੀ ਅਤੇ ਮੋਦੀ ਨੂੰ ਫੌਜ ਦਾ ਰਾਜਨੀਤਕ ਇਸਤੇਮਾਲ ਬੰਦ ਕਰਨਾ ਹੋਵੇਗਾ |
ਉਹਨਾ ਕਿਹਾ ਕਿ ਲੋਕ ਮੇਰੇ ਕੋਲੋਂ ਪੁੱਛਦੇ ਹਨ ਕਿ ਯਾਤਰਾ ਤੋਂ ਬਾਅਦ ਕੀ ਹੋਵੇਗਾ | ਉਨ੍ਹਾ ਦੱਸਿਆ ਕਿ ਮੈਨੂੰ ਕੱਲ੍ਹ ਕੁਝ ਲੋਕ ਕਹਿ ਰਹੇ ਸਨ ਕਿ ਅਸੀਂ ਪਲਾਨਿੰਗ ਕਰਨੀ ਹੈ ਕਿ ਅੱਗੇ ਕੀ ਕਰਾਂਗੇ | ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਇਹ ਜੋ ਯਾਤਰਾ ਹੈ, ਉਹ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ | ਜੇਕਰ ਸਾਨੂੰ ਉਸ ਦੀ ਆਵਾਜ਼ ਸੁਣੇ ਬਿਨਾਂ ਕੁਝ ਹੋਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਿੰਦੁਸਤਾਨ ਦੀ ਆਵਾਜ਼ ਦਾ ਅਪਮਾਨ ਹੋਵੇਗਾ |
ਅਖਿਲੇਸ਼ ਅਤੇ ਮਾਇਆਵਤੀ ਨੂੰ ਲੈ ਕੇ ਰਾਹੁਲ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਵਿਰੋਧੀ ਦਲ ਦੇ ਨੇਤਾ ਸਾਡੇ ਨਾਲ ਖੜੇ ਹਨ | ਉਹ ਸਾਫ਼-ਸਾਫ਼ ਸਾਨੂੰ ਦਿਖਾਈ ਦਿੰਦਾ ਹੈ | ਉਨ੍ਹਾ ਕਿਹਾ ਕਿ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਲਈ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹਨ, ਕਿਸੇ ਲਈ ਰੋਕ ਨਹੀਂ | ਵਿਚਾਰਧਾਰਾ ‘ਚ ਸਮਾਨਤਾ ਹੁੰਦੀ ਹੈ, ਨਫ਼ਰਤ, ਹਿੰਸਾ ਅਤੇ ਮੁਹੱਬਤ ‘ਚ ਕੋਈ ਸਮਾਨਤਾ ਨਹੀਂ ਹੁੰਦੀ | ਅਖਿਲੇਸ਼ ਅਤੇ ਮਾਇਆਵਤੀ ਮੁਹੱਬਤ ਦਾ ਹਿੰਦੁਸਤਾਨ ਚਾਹੁੰਦੇ ਹਨ, ਇਹ ਮੈਂ ਜਾਣਦਾ ਹਾਂ ਕਿ ਉਹ ਨਫ਼ਤਰ ਵਾਲਾ ਹਿੰਦੁਸਤਾਨ ਨਹੀਂ ਚਾਹੁੰਦੇ |