ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ ਆਈ ਡੀ ਏ ਆਈ) ਨੇ ਹੁਣ ਦੇਸ਼ ਵਾਸੀਆਂ ਨੂੰ ਆਪਣੇ ਪਰਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਕਾਰਡ ‘ਚ ਆਪਣਾ ਪਤਾ ਆਨਲਾਈਨ ਅੱਪਡੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ | ਅਥਾਰਟੀ ਨੇ ਅਧਿਕਾਰਤ ਬਿਆਨ ‘ਚ ਕਿਹਾ ਕਿ ਨਿਵਾਸੀ ਘਰ ਦੇ ਮੁਖੀ ਦੇ ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਦਰਸਾਉਣ ਵਾਲਾ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਕੇ ਆਪਣਾ ਪਤਾ ਆਨਲਾਈਨ ਅਪਡੇਟ ਕਰ ਸਕਦੇ ਹਨ | ਅਜਿਹੇ ਦਸਤਾਵੇਜ਼ ਦਿਖਾਉਣੇ ਹੋਣਗੇ, ਜਿਨ੍ਹਾਂ ‘ਤੇ ਮੁਖੀ ਅਤੇ ਉਸ ਵਿਅਕਤੀ ਦੋਵਾਂ ਦੇ ਨਾਂਅ ਅਤੇ ਸੰਬੰਧਾਂ ਦਾ ਜ਼ਿਕਰ ਹੋਵੇ |





