ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਜੂਨੀਅਰ ਐਥਲੈਟਿਕਸ ਕੋਚ ਨੇ ਬੁੱਧਵਾਰ ਸੀ ਆਰ ਪੀ ਸੀ ਦੀ ਧਾਰਾ 164 ਦੇ ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ | ਪੀੜਤਾ ਆਪਣੇ ਵਕੀਲਾਂ ਨਾਲ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪੁੱਜੀ | ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਜਾਂਚ ਲਈ ਸੈਕਟਰ 7 ਸਥਿਤ ਸੰਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ‘ਤੇ ਗਈ | ਪੀੜਤਾ ਨੇ ਮੰਗਲਵਾਰ ਟੀਮ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ | ਟੀਮ ਨੇ ਉਸ ਤੋਂ ਕਰੀਬ ਅੱਠ ਘੰਟੇ ਪੁੱਛ-ਪੜਤਾਲ ਕੀਤੀ, ਜਿਸ ਦੌਰਾਨ ਪੀੜਤਾ ਨੇ ਆਪਣੇ ਮੋਬਾਈਲ ਫੋਨ ਸਮੇਤ ਹੋਰ ਸਬੂਤ ਜਾਂਚ ਟੀਮ ਨੂੰ ਸੌਂਪੇ |



