ਬੇਂਗਲੁਰੂ : ਇਕ ਵਿਆਹੀ ਧੀ, ਧੀ ਹੀ ਰਹਿੰਦੀ ਹੈ, ਜਿਵੇਂ ਇਕ ਵਿਆਹਿਆ ਪੁੱਤਰ, ਪੁੱਤਰ | ਕਰਨਾਟਕ ਹਾਈ ਕੋਰਟ ਨੇ ਇਹ ਗੱਲ ਸੈਨਿਕ ਵੈੱਲਫੇਅਰ ਬੋਰਡ ਦੀ ਇਸ ਗਾਈਡਲਾਈਨ ਨੂੰ ਰੱਦ ਕਰਦਿਆਂ ਕਹੀ ਕਿ ਵਿਆਹੀਆਂ ਧੀਆਂ ਸਾਬਕਾ ਫੌਜੀਆਂ ਦੇ ਬੱਚਿਆਂ ਨੂੰ ਡਿਪੈਂਡੈਂਟ (ਆਸ਼ਰਤ) ਕਾਰਡ ਨਾਲ ਮਿਲਦੀਆਂ ਸਹੂਲਤਾਂ ਲੈਣ ਦੀਆਂ ਹੱਕਦਾਰ ਨਹੀਂ |
ਹਾਈ ਕੋਰਟ ਦੀ ਸਿੰਗਲ ਜੱਜ ਬੈਂਚ ਨੇ ਦੋ ਜਨਵਰੀ ਨੂੰ ਸੁਣਾਏ ਹੁਕਮ ਵਿਚ ਕਿਹਾ-ਜੇ ਪੁੱਤਰ, ਪੱੁਤਰ ਰਹਿੰਦਾ ਹੈ, ਵਿਆਹਿਆ ਹੋਵੇ ਜਾਂ ਅਣਵਿਆਹਿਆ ਤਾਂ ਧੀ ਵੀ ਧੀ ਹੀ ਰਹੇਗੀ, ਵਿਆਹੀ ਹੋਵੇ ਜਾਂ ਅਣਵਿਆਹੀ | ਜੇ ਵਿਆਹ ਕਾਨੂੰਨ ਪੁੱਤਰ ਦੇ ਰੁਤਬੇ ਨੂੰ ਨਹੀਂ ਬਦਲਦਾ ਤਾਂ ਧੀ ਦੇ ਰੁਤਬੇ ਨੂੰ ਵੀ ਨਹੀਂ ਬਦਲ ਸਕਦਾ | ਜਸਟਿਸ ਐੱਮ ਨਾਗਪ੍ਰਸੰਨਾ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਸਾਬਕਾ ਫੌਜੀਆਂ ਨੂੰ ਐਕਸ-ਸਰਵਿਸਮੈਨ ਕਹਿਣਾ ਬੰਦ ਕਰਕੇ ਲਿੰਗ ਬਰਾਬਰੀ ਦੇ ਹਿਸਾਬ ਨਾਲ ਐਕਸ-ਸਰਵਿਸ ਪਰਸੋਨਲ ਕਹਿਣ ‘ਤੇ ਵਿਚਾਰ ਕਰੇ | ਜਸਟਿਸ ਨਾਗਪ੍ਰਸੰਨਾ ਨੇ ਇਹ ਹੁਕਮ ਸਾਬਕਾ ਸੂਬੇਦਾਰ ਰਮੇਸ਼ ਖੰਡੱਪਾ, ਜਿਹੜੇ 2001 ਵਿਚ ਅਪ੍ਰੇਸ਼ਨ ਪਰਾਕ੍ਰਮ ਦੌਰਾਨ ਬਾਰੂਦੀ ਸੁਰੰਗਾਂ ਕਲੀਅਰ ਕਰਦਿਆਂ ਸ਼ਹੀਦ ਹੋ ਗਏ ਸਨ, ਧੀ 31 ਸਾਲਾ ਧੀ ਪਿ੍ਅੰਕਾ ਪਾਟਿਲ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਜਾਰੀ ਕੀਤੇ | ਪਿ੍ਅੰਕਾ 10 ਸਾਲ ਦੀ ਸੀ ਜਦੋਂ ਮਦਰਾਸ ਇੰਜੀਨੀਅਰ ਗਰੁੱਪ (ਐੱਮ ਈ ਜੀ) ਦੇ ਸਾਬਕਾ ਸੂਬੇਦਾਰ ਦੀ ਜਾਨ ਗਈ | ਸੈਨਿਕ ਵੈਲਫੇਅਰ ਬੋਰਡ ਵੱਲੋਂ ਉਸ ਨੂੰ ਇਸ ਕਰਕੇ ਡਿਪੈਂਡੈਂਟ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਵਿਆਹੀ ਹੋਈ ਹੈ | ਪਿ੍ਅੰਕਾ ਨੇ ਇਸ ਨੂੰ 2021 ਵਿਚ ਹਾਈ ਕੋਰਟ ‘ਚ ਚੈਲੰਜ ਕੀਤਾ ਸੀ | ਪਿ੍ਅੰਕਾ ਨੇ 2020 ਵਿਚ ਸਰਕਾਰੀ ਡਿਗਰੀ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦੌਰਾਨ ਸਾਬਕਾ ਫੌਜੀਆਂ ਦੇ ਬੱਚਿਆਂ ਨੂੰ ਕਰਨਾਟਕ ਸਰਕਾਰ ਵੱਲੋਂ ਦਿੱਤੀ ਜਾਂਦੀ 10 ਫੀਸਦੀ ਰਿਜ਼ਰਵੇਸ਼ਨ ਦਾ ਹੱਕ ਹਾਸਲ ਕਰਨਾ ਚਾਹਿਆ ਸੀ | ਉਸ ਨੂੰ ਕਾਰਡ ਤੋਂ ਇਸ ਆਧਾਰ ‘ਤੇ ਨਾਂਹ ਕਰ ਦਿੱਤੀ ਗਈ ਕਿ ਸੈਨਿਕ ਵੈੱਲਫੇਅਰ ਬੋਰਡ ਦੇ ਨਿਯਮ ਕਹਿੰਦੇ ਹਨ ਕਿ ਅਣਵਿਆਹੀ ਧੀ ਨੂੰ ਹੀ ਡਿਪੈਂਡੈਂਟ ਕਾਰਡ ਜਾਰੀ ਹੋ ਸਕਦਾ ਹੈ |
ਫਾਜ਼ਲ ਜੱਜ ਨੇ ਧੀਆਂ ਨੂੰ ਹਮਦਰਦੀ ਦੇ ਆਧਾਰ ‘ਤੇ ਨਿਯੁਕਤੀਆਂ ਦੇਣ, ਕੈਰੋਸੀਨ ਲਸੰਸ ਤੇ ਹੋਰ ਲਾਭਾਂ ਦੇ ਮਾਮਲੇ ਵਿਚ ਵਿਤਕਰੇ ਬਾਰੇ ਸੰਵਿਧਾਨਕ ਅਦਾਲਤਾਂ ਦੇ ਫੈਸਲਿਆਂ ਦੇ ਮੱਦੇਨਜ਼ਰ ਕਿਹਾ ਕਿ ਲਿੰਗ ਦੇ ਆਧਾਰ ‘ਤੇ ਵਿਤਕਰਾ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਹੈ |
ਇਸ ਕਰਕੇ ਸਾਬਕਾ ਫੌਜੀਆਂ ਦੇ ਬੱਚਿਆਂ ਲਈ ਬਣੀਆਂ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਸ ਕਰਕੇ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਧੀ ਵਿਆਹੀ ਜਾ ਚੁੱਕੀ ਹੈ | ਜੇ ਸਾਬਕਾ ਫੌਜੀ ਦੇ ਪੁੱਤਰ ਹੀ ਹੁੰਦੇ ਤਾਂ ਵਿਆਹ ਨੇ ਕੋਈ ਫਰਕ ਨਹੀਂ ਪਾਉਣਾ ਸੀ | ਫਾਜ਼ਲ ਜੱਜ ਨੇ ਕਿਹਾ ਕਿ ਦਹਾਕਿਆਂ ਤੋਂ ਚਲੀ ਆ ਰਹੀ ਇਸ ਰੀਤ ਨੂੰ ਜਾਰੀ ਰੱਖਣਾ ਮਹਿਲਾਵਾਂ ਦੀ ਬਰਾਬਰੀ ਵੱਲ ਮਾਰਚ ਦੇ ਰਾਹ ਵਿਚ ਅੜਿੱਕਾ ਹੋਵੇਗਾ | ਉਨ੍ਹਾ ਕਿਹਾ ਕਿ ਕਰਨਾਟਕ ਐਗਜ਼ਾਮੀਨੇਸ਼ਨ ਅਥਾਰਟੀ ਪਿ੍ਅੰਕਾ ਪਾਟਿਲ ਦੀ ਅਸਿਸਟੈਂਟ ਪ੍ਰੋਫੈਸਰ ਵਜੋਂ ਨਿਯੁਕਤੀ ਲਈ ਸਾਬਕਾ ਫੌਜੀਆਂ ਵਾਲੇ ਕੋਟੇ ‘ਤੇ ਵਿਚਾਰ ਕਰੇ | ਕੇਂਦਰ ਸਰਕਾਰ ਵੀ ਆਪਣੀਆਂ ਸਕੀਮਾਂ ਵਿਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਰੱਖੇ |





