ਅਬਾਦੀ 140 ਕਰੋੜ, ਪਰ ਦੇਸ਼ ਦੀ ਅੱਧੀ ਦੌਲਤ ‘ਤੇ 100 ਅਮੀਰ ਕਾਬਜ਼, ਇਹ ਹੈ ਮੋਦੀ ਦਾ ਭਾਰਤ : ਰਾਹੁਲ

0
269

ਪਾਣੀਪਤ : ਹਰਿਆਣਾ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਦੂਜੇ ਪੜਾਅ ਦੇ ਪਹਿਲੇ ਦਿਨ ਸ਼ੁੱਕਰਵਾਰ ਸਵੇਰੇ ਸਨੋਲੀ-ਪਾਣੀਪਤ ਰੋਡ ਤੋਂ ਮੁੜ ਸ਼ੁਰੂ ਹੋਈ | ਪਦਯਾਤਰਾ ‘ਚ ਹਰਿਆਣਾ ਦੇ ਕਈ ਸੀਨੀਅਰ ਕਾਂਗਰਸੀ ਆਗੂ ਰਾਹੁਲ ਨਾਲ ਸ਼ਾਮਲ ਹੋਏ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ ਰਾਹੁਲ ਵੀਰਵਾਰ ਰਾਤ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਚਲੇ ਗਏ ਸਨ ਤੇ ਸਵੇਰੇ ਵਾਪਸ ਆ ਗਏ | ਯਾਤਰਾ ਦੌਰਾਨ ਇਕ ਥਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ-ਮੇਰੇ ਜ਼ਿਹਨ ‘ਚ ਇਕ ਸਵਾਲ ਹੈ | ਦੇਸ਼ ਦੀ ਆਬਾਦੀ 140 ਕਰੋੜ ਹੈ, ਪਰ ਦੇਸ਼ ਦੇ ਸਿਰਫ 100 ਅਮੀਰ ਦੇਸ਼ ਦੀ ਅੱਧੀ ਦੌਲਤ ‘ਤੇ ਕਾਬਜ਼ ਹਨ | ਕੀ ਤੁਸੀਂ ਇਸ ਨੂੰ ਵਾਜਬ ਸਮਝਦੇ ਹੋ | ਇਹੀ ਨਰਿੰਦਰ ਮੋਦੀ ਦੇ ਭਾਰਤ ਦੀ ਅਸਲੀਅਤ ਹੈ | ਜੇ ਤੁਸੀਂ ਭਾਰਤ ਦੇ ਸਾਰੇ ਕਾਰਪੋਰੇਟਾਂ ਦੇ ਮੁਨਾਫੇ ਨੂੰ ਦੇਖੋ ਤਾਂ 90 ਫੀਸਦੀ ਮੁਨਾਫਾ ਸਿਰਫ 20 ਫੀਸਦੀ ਕਾਰਪੋਰੇਟ ਕਮਾ ਰਹੇ ਹਨ | ਇਹ ਹੈ ਮੋਦੀ ਦੇ ਭਾਰਤ ਦਾ ਸੱਚ |
ਰਾਹੁਲ ਨੇ ਕਿਹਾ ਕਿ ਸਰਕਾਰ ਨੇ ਦੋ ਭਾਰਤ ਬਣਾ ਦਿੱਤੇ ਹਨ-ਇਕ ਗਰੀਬਾਂ ਤੇ ਆਮ ਲੋਕਾਂ ਦਾ ਤੇ ਦੂਜਾ ਦੋ-ਤਿੰਨ ਸੌ ਲੋਕਾਂ ਦਾ, ਜਿਨ੍ਹਾਂ ਸਾਰੀ ਦੌਲਤ ‘ਤੇ ਕਬਜ਼ਾ ਕਰ ਲਿਆ ਹੈ | ਤੁਹਾਡੇ ਕੋਲ ਕੁਝ ਨਹੀਂ | ਤੁਹਾਡੇ ਕੋਲ ਸਿਰਫ ਪਾਣੀਪਤ ਦੇ ਹਵਾ, ਜਿਸ ਵਿਚ ਤੁਸੀਂ ਸਾਹ ਨਹੀਂ ਲੈ ਸਕਦੇ ਤੇ ਕੈਂਸਰ ਦਾ ਸ਼ਿਕਾਰ ਹੋ ਰਹੇ ਹੋ | ਰਾਹੁਲ ਨੇ ਕਿਹਾ ਕਿ ਪਾਣੀਪਤ ਨਿੱਕੇ ਕਾਰਖਾਨਿਆਂ ਦਾ ਗੜ੍ਹ ਹੁੰਦਾ ਸੀ, ਪਰ ਨੋਟਬੰਦੀ ਤੇ ਜੀ ਐੱਸ ਟੀ ਨੇ ਨਿੱਕੇ ਤੇ ਦਰਮਿਆਨੇ ਬਿਜ਼ਨੈੱਸ ਨੂੰ ਤਬਾਹ ਕਰ ਦਿੱਤਾ ਅਤੇ ਇਹੀ ਕਹਾਣੀ ਸਮੁੱਚੇ ਦੇਸ਼ ਦੀ ਹੈ | ਜੀ ਐੱਸ ਟੀ ਤੇ ਨੋਟਬੰਦੀ ਨੇ ਦੇਸ਼ ਦਾ ਲੱਕ ਤੋੜ ਦਿੱਤਾ ਹੈ | ਹਰਿਆਣਾ 38 ਫੀਸਦੀ ਬੇਰੁਜ਼ਗਾਰੀ ਨਾਲ ਦੇਸ਼ ਵਿਚ ਟਾਪ ‘ਤੇ ਹੈ | ਰਾਹੁਲ ਨੇ ਕੇਂਦਰ ਦੀ ਅਗਨੀਪੱਥ ਸਕੀਮ ਨਾਲ ਸੰਬੰਧਤ ਮੁੱਦੇ ਵੀ ਚੁੱਕੇ | ਉਨ੍ਹਾ ਕਿਹਾ ਕਿ ਸੂਬੇ ਦੀ ਊਰਜਾ ਅਜਾਈਾ ਜਾ ਰਹੀ ਹੈ | ਅਗਨੀਵੀਰ ਨੀਤੀ ਕੀ ਹੈ? ਆਗੂ ਖੁਦ ਨੂੰ ਸਭ ਤੋਂ ਵੱਡੇ ਦੇਸ਼ਭਗਤ ਹੋਣ ਦਾ ਦਾਅਵਾ ਕਰਦੇ ਹਨ | ਕਿਸਾਨ ਤੇ ਜਵਾਨ ਤੜਕੇ ਚਾਰ ਵਜੇ ਉਠਦੇ ਹਨ ਅਤੇ ਲੱਖਾਂ ਨੌਜਵਾਨ ਤਿਰੰਗੇ ਦੀ ਰਾਖੀ ਲਈ ਭਾਰਤੀ ਫੌਜ ‘ਚ ਭਰਤੀ ਹੋਣਾ ਚਾਹੁੰਦੇ ਹਨ | ਪਰ ਇਸ ਵੇਲੇ ਉਹ ਬੇਉਮੀਦ ਹਨ | ਸਰਕਾਰ ਪਹਿਲਾਂ ਸਰਹੱਦਾਂ ਦੀ ਰਾਖੀ ਲਈ ਹਰ ਸਾਲ 80 ਹਜ਼ਾਰ ਨੌਜਵਾਨ ਭਰਤੀ ਕਰਦੀ ਹੁੰਦੀ ਸੀ | ਅਗਨੀਪੱਥ ਸਕੀਮ ‘ਚ ਚਾਰ ਸਾਲਾਂ ਬਾਅਦ ਸਿਰਫ 25 ਫੀਸਦੀ ਪੱਕੇ ਹੋਣਗੇ ਤੇ ਬਾਕੀ ਫਿਰ ਬੇਰੁਜ਼ਗਾਰ ਹੋ ਜਾਣਗੇ | ਰਾਹੁਲ ਨੇ ਕਿਹਾ-ਜਦੋਂ ਮੈਂ ਫੌਜੀਆਂ ਬਾਰੇ ਬੋਲਦਾ ਹਾਂ ਤਾਂ ਮੇਰੇ ‘ਤੇ ਸਰਕਾਰ ਵਿਰੁੱਧ ਬੋਲਣ ਦਾ ਦੋਸ਼ ਲਾਇਆ ਜਾਂਦਾ ਹੈ | ਉਨ੍ਹਾ ਕਿਹਾ ਕਿ ਕੇਂਦਰ ਨੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਲਿਆਂਦੇ | ਕਿਸਾਨ ਨੇ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਗਲਤੀ ਮੰਨਣ ਲਈ ਮਜਬੂਰ ਕੀਤਾ, ਪਰ ਪਹਿਲਾਂ ਪ੍ਰਧਾਨ ਮੰਤਰੀ ਨੇ ਗਲਤੀ ਦਾ ਅਹਿਸਾਸ ਨਾ ਕਰਕੇ ਕਿਸਾਨਾਂ ਨੂੰ ਇਕ ਸਾਲ ਸੜਕਾਂ ‘ਤੇ ਰਹਿਣ ਲਈ ਮਜਬੂਰ ਕੀਤਾ | ਯਾਤਰਾ ਦੌਰਾਨ ਪ੍ਰੋਫੈਸਰ ਸ਼ੀਲਾ ਸੇਨ ਜਸਨਔਫ (ਹੋਲਬਰਗ ਪ੍ਰਾਈਜ਼-2022 ਜੇਤੂ), ਪ੍ਰੋਫੈਸਰ ਜੈ ਐੱਚ ਜਸਨਔਫ ਤੇ ਡਾ. ਮੁਹੰਮਦ ਆਰਿਫ (ਪ੍ਰੋਫੈਸਰ ਆਫ ਹਿਸਟਰੀ, ਵਾਰਾਨਸੀ) ਵੀ ਰਾਹੁਲ ਦੇ ਨਾਲ ਤੁਰੇ |

LEAVE A REPLY

Please enter your comment!
Please enter your name here