ਇਸਲਾਮਾਬਾਦ : ਪਾਕਿਸਤਾਨ ‘ਚ ਮਹਿੰਗਾਈ ਦਰ 25 ਫੀਸਦੀ ਹੋ ਚੁੱਕੀ ਹੈ ਤੇ ਸਬਸਿਡੀ ਵਾਲੇ ਆਟੇ ਦਾ ਸਟਾਕ ਖਤਮ ਹੋ ਗਿਆ ਹੈ | ਸਰਕਾਰ ਵੱਖ-ਵੱਖ ਹਿੱਸਿਆਂ ਵਿਚ ਘੱਟ ਕੀਮਤ ‘ਤੇ ਆਟੇ ਦੀ ਪੰਜ ਕਿੱਲੋ ਦੀ ਥੈਲੀ ਮੁਹੱਈਆ ਕਰਵਾ ਰਹੀ ਹੈ, ਜਿਸ ਨੂੰ ਹਾਸਲ ਕਰਨ ਦੇ ਫੇਰ ‘ਚ 4 ਲੋਕ ਜਾਨ ਗੁਆ ਚੁੱਕੇ ਹਨ | ਸ਼ਨੀਵਾਰ ਸਿੰਧ ਦੇ ਮੀਰਪੁਰ ਖਾਸ ਜ਼ਿਲ੍ਹੇ ਵਿਚ ਖੁਰਾਕ ਵਿਭਾਗ ਵੱਲੋਂ ਪੁੱਜਾ ਆਟਾ ਲੈਣ ਦੀ ਹੋੜ ‘ਚ 35 ਸਾਲਾ ਮਜ਼ਦੂਰ ਭੀੜ ਹੇਠ ਮਿੱਧ ਹੋ ਕੇ ਮਾਰਿਆ ਗਿਆ | ਸ਼ਹੀਦ ਬੇਨਜ਼ੀਰਾਬਾਦ ਜ਼ਿਲ੍ਹੇ ਦੇ ਸਕਰੰਦ ਕਸਬੇ ‘ਚ ਆਟਾ ਚੱਕੀ ਦੇ ਬਾਹਰ ਭਗਦੜ ‘ਚ 3 ਔਰਤਾਂ ਦੀ ਮੌਤ ਹੋ ਗਈ | ਸਿੰਧ ‘ਚ ਆਟਾ 140-160 ਰੁਪਏ ਕਿੱਲੋ ਮਿਲ ਰਿਹਾ ਹੈ | ਸਰਕਾਰ 65 ਰੁਪਏ ਦੇ ਭਾਅ ਦੇ ਰਹੀ ਹੈ | ਖੈਬਰ ਪਖਤੂਨਖਵਾ ਵਿਚ ਤਾਂ ਹਾਲਾਤ ਹੋਰ ਮਾੜੇ ਹਨ, ਉਥੇ ਲੋਕ ਸਰਕਾਰੀ ਦੁਕਾਨਾਂ ਲੱਭ ਰਹੇ ਹਨ, ਜਿੱਥੇ ਆਟਾ ਕੁਝ ਸਸਤਾ ਮਿਲਦਾ ਹੋਵੇ | ਖੁੱਲ੍ਹੇ ਬਾਜ਼ਾਰ ਵਿਚ 20 ਕਿੱਲੋ ਦੀ ਥੈਲੀ 3100 ਰੁਪਏ ਤੱਕ ਪੁੱਜ ਗਈ ਹੈ |



