ਮਨਸੂਰਵਾਲਾ (ਜ਼ੀਰਾ), (ਗਿਆਨ ਸੈਦਪੁਰੀ)
ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨ ਤਾਰਨ ਦੇ ਸਾਥੀਆਂ ਨੇ ਲਖਬੀਰ ਸਿੰਘ ਨਿਜ਼ਾਮਪੁਰ ਅਤੇ ਬਲਕਰਨ ਸਿੰਘ ਵਲਟੋਹਾ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ |
ਪੰਜਾਬ ਕਿਸਾਨ ਸਭਾ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਫੈਕਟਰੀ ਨੇ ਇਲਾਕੇ ਦੇ ਲਗਭਗ 50 ਪਿੰਡਾਂ ਵਿੱਚ ਤਬਾਹੀ ਮਚਾ ਰੱਖੀ ਹੈ | ਫੈਕਟਰੀ ਦੇ ਜ਼ਹਿਰੀਲੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਤ ਹੋ ਚੁੱਕਾ ਹੈ | ਇਲਾਕੇ ਦੇ ਲੋਕ ਚਮੜੀ ਤੇ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ, ਹੋਰ ਤਾਂ ਹੋਰ ਪਸ਼ੂ ਧਨ ਵੀ ਸੁਰੱਖਿਅਤ ਨਹੀਂ ਹੈ, ਉਹ ਵੀ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਸਲੇ ਦਾ ਸਾਰਥਕ ਹੱਲ ਕਰਨ ਦੀ ਬਜਾਏ ਫੈਕਟਰੀ ਮਾਲਕ ਦੀ ਪੁਸ਼ਤਪਨਾਹੀ ਕਰ ਰਹੀ ਹੈ | ਆਗੂਆਂ ਚਿਤਾਵਨੀ ਦਿੱਤੀ ਕਿ ਇਹ ਘੋਲ ਮੁੱਕਣ ਵਾਲਾ ਨਹੀਂ, ਅੰਤਮ ਜਿੱਤ ਤੱਕ ਜਾਰੀ ਰਹੇਗਾ | ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਡਟ ਕੇ ਘੋਲ ਨਾਲ ਖੜੀਆਂ ਹਨ |



