ਚੰਡੀਗੜ੍ਹ : ਪੀ ਸੀ ਐੱਸ ਆਫੀਸਰਜ਼ ਐਸੋਸੀਏਸਨ ਨੇ ਬੁੱਧਵਾਰ ਆਪਣਾ ਪ੍ਰੋਟੈੱਸਟ ਵਾਪਸ ਲੈ ਲਿਆ ਅਤੇ ਤੁਰੰਤ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ | ਐਡੀਸ਼ਨਲ ਚੀਫ ਸੈਕਟਰੀ ਟੂ ਸੀ ਐੱਮ ਏ ਵੇਣੂ ਪ੍ਰਸਾਦ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਓਬਰਾਏ ਨੇ ਸਾਂਝੇ ਤੌਰ ‘ਤੇ ਇਸ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ, ਪਰ ਭਿ੍ਸ਼ਟਾਚਾਰੀਆਂ ਖਿਲਾਫ ਮੁਹਿੰਮ ਜਾਰੀ ਰਹੇਗੀ | ਇਸ ਤੋਂ ਪਹਿਲਾਂ ਮਾਨ ਨੇ ਪੀ ਸੀ ਐੱਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਬਾਅਦ ਦੁਪਹਿਰ 2 ਵਜੇ ਤੱਕ ਡਿਊਟੀ ‘ਤੇ ਵਾਪਸ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ | ਮੁੱਖ ਮੰਤਰੀ ਨੇ ਸਵੇਰੇ ਟਵਿੱਟਰ ਰਾਹੀਂ ਪੱਤਰ ਜਾਰੀ ਕੀਤਾ, ਜਿਸ ਵਿਚ ਉਨ੍ਹਾ ਕਿਹਾ ਕਿ ਭਿ੍ਸ਼ਟਾਚਾਰ ਦੇ ਮਾਮਲੇ ‘ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇ ਮੰਤਰੀ ਹੋਵੇ, ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ, ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ |ਇਸ ਤੋਂ ਪਹਿਲਾਂ ਹੜਤਾਲ ਕਾਰਨ ਆਮ ਲੋਕਾਂ ਦੇ ਰੁਕੇ ਕੰਮਾਂ ਅਤੇ ਉਹਨਾਂ ਦੀ ਖੱਜਲਖੁਆਰੀ ਦਾ ਨੋਟਿਸ ਲੈਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਮਾਨ ਸਰਕਾਰ ‘ਤੇ ਜ਼ੋਰ ਪਾਇਆ ਸੀ ਕਿ ਆਪਣੇ ਵਕਾਰ ਦਾ ਸੁਆਲ ਨਾ ਬਣਾ ਕੇ ਅਫਸਰਾਂ ਨਾਲ ਸੰਜੀਦਗੀ ਨਾਲ ਗੱਲ ਕਰਕੇ ਮਸਲੇ ਦਾ ਜਲਦੀ ਹੱਲ ਕਰੇ | ਸਾਥੀ ਬਰਾੜ ਨੇ ਕਿਹਾ ਕਿ ਸਾਡੀ ਪਾਰਟੀ ਸਾਰੇ ਵਰਕਰਾਂ, ਚਾਹੇ ਉਹ ਆਮ ਹੋਣ ਜਾਂ ਅਧਿਕਾਰੀ ਉਹਨਾਂ ਦੇ ਜਥੇਬੰਦੀ ਬਣਾਉਣ ਅਤੇ ਬੇਇਨਸਾਫੀਆਂ ਵਿਰੁੱਧ ਅਤੇ ਆਪਣੇ ਹੱਕਾਂ ਲਈ ਲੜਨ, ਇੱਥੋਂ ਤੱਕ ਕਿ ਹੜਤਾਲ ਕਰਨ ਦੇ ਅਧਿਕਾਰ ਦਾ ਵੀ ਸਤਿਕਾਰ ਕਰਦੀ ਹੈ, ਪਰ ਨਾਲ ਹੀ ਉਹ ਸਾਫ-ਸੁਥਰੇ ਪ੍ਰਸ਼ਾਸਨ ਉਤੇ ਜ਼ੋਰ ਦਿੰਦੀ ਹੈ ਅਤੇ ਜਥੇਬੰਦੀ ਦੀ ਵਰਤੋਂ ਭਿ੍ਸ਼ਟ ਅਫਸਰਾਂ ਦੀ ਰਾਖੀ ਲਈ ਕਰਨ ਦੀ ਵਿਰੋਧੀ ਹੈ, ਜੋ ਕੱਲ੍ਹ ਨੂੰ ਆਮ ਪ੍ਰੰਪਰਾ ਬਣ ਸਕਦੀ ਹੈ | ਸਾਥੀ ਬਰਾੜ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਦਾ ਤੇ ਮੁਲਾਜ਼ਮਾਂ ਦਾ ਖਿਆਲ ਰੱਖੇ ਅਤੇ ਮਸਲੇ ਦਾ ਹੱਲ ਕਰੇ | ਨਿਰਸੰਦੇਹ ਭਿ੍ਸ਼ਟ ਅਫਸਰਾਂ ਦੀ ਪੁਸ਼ਤਪਨਾਹੀ ਨਹੀਂ ਕਰਨੀ ਚਾਹੀਦੀ |




