ਨਵੀਂ ਦਿੱਲੀ : ਉੱਤਰ ਭਾਰਤ ਨੂੰ ਸ਼ਨੀਵਾਰ ਤੋਂ ਇਕ ਹੋਰ ਸੀਤ ਲਹਿਰ ਦਾ ਸਾਹਮਣਾ ਕਰਨਾ ਪੈਣਾ ਹੈ, ਜਦੋਂ ਤਾਪਮਾਨ ਮਨਫੀ ਚਾਰ ਡਿਗਰੀ ਤੱਕ ਡਿੱਗ ਸਕਦਾ ਹੈ | 16 ਤੋਂ 18 ਜਨਵਰੀ ਤਕ ਸੀਤ ਲਹਿਰ ਸਿਖਰ ‘ਤੇ ਹੋਵੇਗੀ | ਇਹ ਪੇਸ਼ੀਨਗੋਈ ‘ਲਾਈਵ ਵੈਦਰ ਆਫ ਇੰਡੀਆ’ ਨਾਂਅ ਦੇ ਆਨਲਾਈਨ ਮੌਸਮ ਮੰਚ ਦੇ ਬਾਨੀ ਨਵਦੀਪ ਦਾਹੀਆ ਨੇ ਕਰਦਿਆਂ ਕਿਹਾ ਹੈ ਕਿ ਉਨ੍ਹਾ ਆਪਣੇ ਕੈਰੀਅਰ ਵਿਚ ਤਾਪਮਾਨ ਏਨਾ ਡਿੱਗਦਾ ਨਹੀਂ ਦੇਖਿਆ |
ਦਾਹੀਆ ਨੇ ਟਵੀਟ ਕੀਤਾ ਹੈ—14 ਤੋਂ 19 ਜਨਵਰੀ ਤੱਕ ਤਿੱਖੀ ਸੀਤ ਲਹਿਰ ਚੱਲੇਗੀ ਤੇ 16 ਤੋਂ 18 ਜਨਵਰੀ ਤੱਕ ਸਿਖਰ ‘ਤੇ ਹੋਵੇਗੀ | ਜਨਵਰੀ ਦਾ ਮਹੀਨਾ ਇੱਕੀਵੀਂ ਸਦੀ ਦਾ ਹੁਣ ਤੱਕ ਦਾ ਸਭ ਤੋਂ ਠੰਢਾ ਹੋ ਸਕਦਾ ਹੈ |
ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਸੋਮਾ ਸੇਨ ਰਾਇ ਨੇ ਵੀ ਕਿਹਾ ਹੈ ਕਿ 15-16 ਜਨਵਰੀ ਤੋਂ ਸੀਤ ਲਹਿਰ ਦਾ ਇਕ ਹੋਰ ਦੌਰ ਚੱਲੇਗਾ | ਉਧਰ, ਹਿਮਾਚਲ ਦੇ ਨਾਰਕੰਡਾ ‘ਚ ਬੁੱਧਵਾਰ ਰਾਤ-ਭਰ ਅਤੇ ਵੀਰਵਾਰ ਸਵੇਰੇ ਭਾਰੀ ਬਰਫਬਾਰੀ ਹੋਈ | ਦਰਖੱਤ ਅਤੇ ਪਹਾੜੀਆਂ ਬਰਫ ਨਾਲ ਢਕੀਆਂ ਗਈਆਂ ਅਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਭਵਿੱਖਬਾਣੀ ਅਨੁਸਾਰ ਨਾਰਕੰਡਾ ‘ਚ 13 ਜਨਵਰੀ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਪਾਰਾ ਮਨਫੀ 3 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਸਕਦਾ ਹੈ |





