ਸ਼ਿਮਲਾ : ਹਿਮਾਚਲ ਦੇ ਨੌਂ ਜ਼ਿਲਿ੍ਹਆਂ ‘ਚ ਬਰਫਬਾਰੀ ਨਾਲ ਲੰਮੇ ਸਮੇਂ ਤੋਂ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ | ਸ਼ਿਮਲਾ ‘ਚ ਵੀਰਵਾਰ ਰਾਤ ਬਾਰਸ਼ ਹੋਈ, ਜਦਕਿ ਨੇੜਲੇ ਪਹਾੜੀ ਸਥਾਨਾਂ ਜਿਵੇਂ ਕੁਫਰੀ ਅਤੇ ਨਾਰਕੰਡਾ ‘ਚ 1 ਤੋਂ 2 ਇੰਚ ਤੱਕ ਬਰਫਬਾਰੀ ਹੋਈ | ਮਨਾਲੀ ‘ਚ ਵੀ ਦੋ ਇੰਚ ਬਰਫਬਾਰੀ ਹੋਈ ਹੈ | ਧਰਮਸ਼ਾਲਾ ਅਤੇ ਚੰਬਾ ਸਮੇਤ ਕਈ ਥਾਵਾਂ ‘ਤੇ ਬਾਰਸ਼ ਹੋਈ | ਬਰਫਬਾਰੀ ਕਾਰਨ ਤਿੰਨ ਕੌਮੀ ਸ਼ਾਹਰਾਹਾਂ ਸਮੇਤ 200 ਸੜਕਾਂ ਆਵਾਜਾਈ ਲਈ ਬੰਦ ਹਨ | ਬਰਫਬਾਰੀ ਦੀ ਖਬਰ ਫੈਲਦੇ ਹੀ ਸੈਲਾਨੀਆਂ ਦੀ ਭੀੜ ਸ਼ਿਮਲਾ ਵੱਲ ਨੂੰ ਤੁਰ ਪਈ ਹੈ | ਬਰਫਬਾਰੀ ਨਾਲ ਹੋਟਲ ਮਾਲਕਾਂ ਦੇ ਚਿਹਰੇ ਵੀ ਖਿੜ ਗਏ ਹਨ |
ਉਧਰ, ਸ੍ਰੀਨਗਰ ਸਣੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ‘ਚ ਸ਼ੁੱਕਰਵਾਰ ਤਾਜ਼ਾ ਬਰਫਬਾਰੀ ਅਤੇ ਬਾਰਸ਼ ਹੋਈ, ਜਿਸ ਕਾਰਨ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਘਾਟੀ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਅਸਰ ਪਿਆ | ਉੱਚੇ ਇਲਾਕਿਆਂ ‘ਚ ਦਰਮਿਆਨੀ ਤੋਂ ਭਾਰੀ, ਜਦਕਿ ਮੈਦਾਨੀ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ ਹੈ | ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ਾਰਟ, ਪਹਿਲਗਾਮ ਅਤੇ ਸੋਨਮਰਗ ਦੇ ਸੈਰ-ਸਪਾਟਾ ਸਥਾਨਾਂ ਅਤੇ ਕਈ ਹੋਰ ਥਾਵਾਂ ‘ਤੇ ਤਾਜ਼ਾ ਬਰਫਬਾਰੀ ਹੋਈ |





