ਨਵੀਂ ਦਿੱਲੀ : ਦਿੱਲੀ ਪੁਲਸ ਨੇ ਭਲਸਵਾ ਡੇਅਰੀ ਇਲਾਕੇ ਦੇ ਇੱਕ ਘਰ ਤੋਂ 2 ਹੈਂਡ ਗਰਨੇਡ ਬਰਾਮਦ ਕੀਤੇ ਹਨ | ਪੁਲਸ ਨੂੰ ਇੱਥੇ ਖੂਨ ਦੇ ਨਿਸ਼ਾਨ ਵੀ ਮਿਲੇ ਹਨ | ਪੁਲਸ ਨੂੰ ਸ਼ੱਕ ਹੈ ਕਿ ਇੱਥੇ ਕਿਸੇ ਦਾ ਕਤਲ ਕੀਤਾ ਗਿਆ ਹੈ | ਦਰਅਸਲ ਪੁਲਸ ਨੇ 12 ਜਨਵਰੀ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਜਿਨ੍ਹਾਂ ਦੋ ਅੱਤਵਾਦੀਆਂ ਨੂੰ ਗਿ੍ਫਤਾਰ ਕੀਤਾ ਸੀ, ਉਹ ਦੋਵੇਂ ਭਲਸਵਾ ਡੇਅਰੀ ਦੇ ਹੀ ਇੱਕ ਘਰ ‘ਚ ਕਿਰਾਏ ‘ਤੇ ਰਹਿੰਦੇ ਸਨ | ਪੁਲਸ ਨੇ ਦੱਸਿਆ ਕਿ ਦੋਵਾਂ ਅੱਤਵਾਦੀਆਂ ਦੇ ਮੋਬਾਇਲ ਤੋਂ ਅੱਤਵਾਦੀ ਯੋਜਨਾ ਦਾ ਬਲੂ ਪਿ੍ੰਟ ਮਿਲਿਆ ਹੈ | ਦੋਵਾਂ ਅੱਤਵਾਦੀਆਂ ਤੋਂ ਪੁੱਛਗਿੱਛ ‘ਚ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਭਲਸਵਾ ਘਰ ‘ਤੇ ਛਾਪਾ ਮਾਰਿਆ | ਪਿਛਲੇ ਦਿਨੀਂ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ ਜਹਾਂਗੀਰਪੁਰੀ ਇਲਾਕੇ ‘ਚ ਦੋ ਸ਼ੱਕੀ ਵਿਅਕਤੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ | 12 ਜਨਵਰੀ ਨੂੰ ਪੁਲਸ ਨੇ ਛਾਪਾ ਮਾਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਸੀ | ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੱਗਾ ਅਤੇ ਨੌਸ਼ਾਦ ਵਜੋਂ ਹੋਈ ਹੈ | ਜਗਜੀਤ ਊਧਮ ਸਿੰਘ ਨਗਰ ਉੱਤਰਾਖੰਡ ਦਾ ਰਹਿਣ ਵਾਲਾ ਹੈ, ਜਦੋਂ ਕਿ ਨੌਸ਼ਾਦ ਦਾ ਘਰ ਦਿੱਲੀ ਦੇ ਜਹਾਂਗੀਰਪੁਰੀ ‘ਚ ਹੈ | ਇਹ ਦੋਵੇਂ ਕੈਨੇਡੀਅਨ ਖਾਲਿਸਤਾਨੀ ਸਮਰਥਕ ਅਰਸ਼ਦੀਪ ਡੱਲਾ ਦੇ ਸਾਥੀ ਦੱਸੇ ਜਾਂਦੇ ਹਨ | ਪੁਲਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ ਅਤੇ 22 ਕਾਰਤੂਸ ਬਰਾਮਦ ਕੀਤੇ ਸਨ | 13 ਜਨਵਰੀ ਨੂੰ ਪੁਲਸ ਨੇ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ | ਇਸ ਦੌਰਾਨ ਸ਼ੱਕੀ ਵਿਅਕਤੀਆਂ ਨੇ ਭਲਸਵਾ ਡੇਅਰੀ ਦੇ ਟਿਕਾਣੇ ‘ਤੇ ਹੈਂਡ ਗਰਨੇਡ ਦੀ ਮੌਜੂਦਗੀ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ | ਦੂਜੇ ਪਾਸੇ ਅਦਾਲਤ ਨੇ ਦੋਵਾਂ ਦਾ 14 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ | ਦਿੱਲੀ ਪੁਲਸ ਨੇ ਦੱਸਿਆ ਕਿ ਇਹ ਗਿ੍ਫਤਾਰੀ ਗਣਤੰਤਰ ਦਿਵਸ ਦੇ ਜਸ਼ਨ ਤੋਂ ਪਹਿਲਾਂ ਕੀਤੀ ਗਈ ਹੈ |
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ 22 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ | ਪੁਲਸ ਨੇ ਦੱਸਿਆ ਕਿ ਜੱਗਾ ਬਦਨਾਮ ‘ਬੰਬੀਹਾ ਗੈਂਗ’ ਦਾ ਮੈਂਬਰ ਹੈ ਅਤੇ ਉਸ ਨੂੰ ਦੇਸ਼-ਵਿਦੇਸ਼ ਸਥਿਤ ਦੇਸ਼ ਵਿਰੋਧੀ ਅਨਸਰਾਂ ਤੋਂ ਹਦਾਇਤਾਂ ਮਿਲ ਰਹੀਆਂ ਸਨ | ਉਹ ਇੱਕ ਕਤਲ ਕੇਸ ‘ਚ ਪੈਰੋਲ ਜੰਪਰ ਵੀ ਹੈ |




