ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਸ਼ਨੀਵਾਰ ਸਵੇਰੇ 11:30 ਵਜੇ ਨਾਗਪੁਰ ਦੇ ਖਾਮਲਾ ਇਲਾਕੇ ‘ਚ ਸਥਿਤ ਨਿਤਿਨ ਗਡਕਰੀ ਦੇ ਦਫਤਰ ‘ਤੇ ਉਨ੍ਹਾ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਫੋਨ ਆਇਆ | ਇਹ ਫੋਨ ਕਾਲ ਦੋ ਵਾਰ ਕੀਤੀ ਗਈ | ਕੇਂਦਰੀ ਮੰਤਰੀ ਦੇ ਦਫਤਰ ਵੱਲੋਂ ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ | ਨਾਗਪੁਰ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਲੱਗ ਗਈ | ਗਡਕਰੀ ਦੇ ਦਫਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ | ਨਾਗਪੁਰ ਪੁਲਸ ਮੁਤਾਬਕ ਦਾਊਦ ਦੇ ਨਾਂਅ ‘ਤੇ ਕੇਂਦਰੀ ਮੰਤਰੀ ਦੇ ਜਨ-ਸੰਪਰਕ ਦਫਤਰ ਦੇ ਲੈਂਡਲਾਈਨ ਨੰਬਰ ‘ਤੇ ਕਾਲ ਕਰਕੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ | ਧਮਕੀ ਦੇਣ ਵਾਲੇ ਨੇ 100 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਸੀ | ਸੂਤਰਾਂ ਮੁਤਾਬਕ ਪੁਲਸ ਨੇ ਉਸ ਨੰਬਰ ਨੂੰ ਟਰੇਸ ਕਰ ਲਿਆ ਹੈ, ਜਿਸ ਤੋਂ ਕਾਲ ਕੀਤੀ ਗਈ ਸੀ | ਇਹ ਧਮਕੀ ਭਰੀ ਕਾਲ ਕਰਨਾਟਕ ਦੇ ਕਿਸੇ ਇਲਾਕੇ ਤੋਂ ਕੀਤੀ ਗਈ ਸੀ | ਮੁਲਜ਼ਮਾਂ ਦੀ ਗਿ੍ਫਤਾਰੀ ਲਈ ਯਤਨ ਜਾਰੀ ਹਨ | ਗਡਕਰੀ ਦੇ ਨਾਗਪੁਰ ਦਫਤਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ |