ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਪੁਲਸ ਨੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ, ਜਿਸ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ, ਰੇਕੀ ਕਰਨ ਅਤੇ ਪਨਾਹ ਦੇਣ ਲਈ ਅੱਠ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ |
ਮੂਸੇਵਾਲਾ, ਜੋ ਕਿ 29 ਮਈ ਨੂੰ ਸ਼ਾਮ 4.30 ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਉਸ ਸਮੇਂ ਉਹ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਕੇਕੜਾ ਵਾਸੀ ਸਿਰਸਾ, (ਹਰਿਆਣਾ), ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ (ਬਠਿੰਡਾ), ਮਨਪ੍ਰੀਤ ਭਾਊ ਵਾਸੀ ਢੈਪਈ, (ਫਰੀਦਕੋਟ) ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆਂ (ਅੰਮਿ੍ਤਸਰ), ਪ੍ਰਭਦੀਪ ਸਿੱਧੂ ਉਰਫ ਪੱਬੀ ਵਾਸੀ ਤਖਤ ਮੱਲ (ਹਰਿਆਣਾ), ਮੋਨੂੰ ਡਾਗਰ ਵਾਸੀ ਪਿੰਡ ਰੇਵਲੀ, ਸੋਨੀਪਤ (ਹਰਿਆਣਾ), ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ (ਹਰਿਆਣਾ) ਵਜੋਂ ਹੋਈ ਹੈ | ਪੁਲਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ |
ਗਿ੍ਫਤਾਰ ਕੀਤੇ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਖੁਲਾਸਾ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ ਡੀ ਜੀ ਪੀ ਪਰਮੋਦ ਬਾਨ ਨੇ ਮੰਗਲਵਾਰ ਕਿਹਾ ਕਿ ਗੋਲਡੀ ਬਰਾੜ ਅਤੇ ਸਚਿਨ ਦੇ ਨਿਰਦੇਸ਼ਾਂ ‘ਤੇ ਸੰਦੀਪ ਉਰਫ ਕੇਕੜਾ ਨੇ ਆਪਣੇ ਆਪ ਨੂੰ ਮੂਸੇਵਾਲਾ ਦੇ ਪ੍ਰਸੰਸਕ ਵਜੋਂ ਪੇਸ਼ ਕਰਕੇ ਉਸ ‘ਤੇ ਨਜ਼ਰ ਰੱਖੀ ਹੋਈ ਸੀ | ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਜਦੋਂ ਗਾਇਕ ਆਪਣੇ ਘਰ ਤੋਂ ਜਾ ਰਿਹਾ ਸੀ, ਉਸ ਸਮੇਂ ਕੇਕੜਾ ਨੇ ਗਾਇਕ ਨਾਲ ਸੈਲਫੀ ਵੀ ਖਿੱਚੀ ਸੀ |
ਏ ਡੀ ਜੀ ਪੀ ਬਾਨ ਨੇ ਕਿਹਾ—ਕੇਕੜਾ ਨੇ ਸ਼ੂਟਰਾਂ ਅਤੇ ਵਿਦੇਸ਼ੀ ਸੰਚਾਲਕਾਂ ਨਾਲ ਸਾਰੀ ਜਾਣਕਾਰੀ, ਜਿਵੇਂ ਗਾਇਕ ਨਾਲ ਉਸ ਦੇ ਸੁਰੱਖਿਆ ਕਰਮੀ ਨਹੀਂ ਸਨ, ਵਾਹਨ ਵਿੱਚ ਸਵਾਰਾਂ ਦੀ ਗਿਣਤੀ, ਵਾਹਨ ਸੰਬੰਧੀ ਵੇਰਵੇ ਅਤੇ ਉਹ ਗੈਰ-ਬੁਲਟ-ਪਰੂਫ ਵਾਹਨ ਮਹਿੰਦਰਾ ਥਾਰ ਵਿੱਚ ਸਫਰ ਕਰ ਰਿਹਾ ਸੀ, ਆਦਿ ਸਾਂਝੀ ਕੀਤੀ |
ਉਹਨਾ ਕਿਹਾ ਕਿ ਮਨਪ੍ਰੀਤ ਮੰਨਾ ਨੇ ਗੋਲਡੀ ਬਰਾੜ ਅਤੇ ਸਚਿਨ ਦੇ ਨਜਦੀਕੀ ਸਾਥੀ ਸਾਰਜ ਮਿੰਟੂ ਦੇ ਨਿਰਦੇਸ਼ਾਂ ‘ਤੇ ਮਨਪ੍ਰੀਤ ਭਾਊ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ, ਜਿਸ ਨੇ ਅੱਗੇ ਇਹ ਕਾਰ ਦੋ ਵਿਅਕਤੀਆਂ, ਜੋ ਸ਼ੱਕੀ ਸ਼ੂਟਰ ਹਨ, ਨੂੰ ਸੌਂਪੀ ਸੀ |
ਏ ਡੀ ਜੀ ਪੀ ਨੇ ਦੱਸਿਆ ਕਿ ਪੰਜਵੇਂ ਮੁਲਜ਼ਮ ਪ੍ਰਭਦੀਪ ਸਿੱਧੂ ਉਰਫ ਪੱਬੀ ਨੇ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ, ਜਦੋਂਕਿ ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਇਸ ਕਤਲ ਨੂੰ ਅੰਜ਼ਾਮ ਦੇਣ ਲਈ ਸ਼ੂਟਰਾਂ ਦੀ ਟੀਮ ਬਣਾਉਣ ਵਾਸਤੇ ਦੋ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ |
ਉਨ੍ਹਾ ਕਿਹਾ ਕਿ ਪਵਨ ਬਿਸ਼ਨੋਈ ਅਤੇ ਨਸੀਬ ਨੇ ਬਲੈਰੋ ਗੱਡੀ ਸ਼ੂਟਰਾਂ ਨੂੰ ਸੌਂਪੀ ਸੀ ਅਤੇ ਉਨ੍ਹਾਂ ਨੂੰ ਛੁਪਣਗਾਹ ਵੀ ਦਿੱਤੀ ਸੀ |
ਏ ਡੀ ਜੀ ਪੀ ਨੇ ਦੱਸਿਆ ਕਿ ਆਈ ਜੀ ਪੀ ਜਸਕਰਨ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਰਣਨੀਤਕ ਤੌਰ ‘ਤੇ ਕੰਮ ਕਰ ਰਹੀ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਪਛਾਣੇ ਗਏ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਲਈ ਲਗਾਤਾਰ ਠੋਸ ਯਤਨ ਕਰ ਰਹੀ ਹੈ | ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਫੜੇ ਦੋ ਮੁਲਜ਼ਮਾਂ ਨੂੰ ਥਾਣਾ ਸਿਟੀ-1 ਮਾਨਸਾ ਨੇ ਅਦਾਲਤ ਵਿਚ ਪੇਸ਼ ਕੀਤਾ, ਜਿਸ ਦੌਰਾਨ ਪ੍ਰਦੀਪ ਉਰਫ ਪੱਬੀ ਦਾ 9 ਜੂਨ ਤੱਕ ਅਤੇ ਸੰਦੀਪ ਕੁਮਾਰ ਉਰਫ ਕੇਕੜਾ ਦਾ 11 ਜੂਨ ਤੱਕ ਰਿਮਾਂਡ ਮਿਲਿਆ |