ਬਹਿਰਾਮ (ਅਵਤਾਰ ਕਲੇਰ)
ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਜਲਦੀ ਹੀ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਤਾਲਮੇਲ ‘ਤੇ ਅਧਾਰਤ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕਰੇਗਾ, ਤਾਂ ਜੋ ਗੰਭੀਰ ਲੋੜਾਂ ਵਾਲੇ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ |
ਪੰਜਾਬ ਦੇ ਸਿਹਤ ਵਿਭਾਗ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਆਪਣੇ ਜੱਦੀ ਜ਼ਿਲ੍ਹੇ ‘ਚ ਐਤਵਾਰ ਪਹਿਲੀ ਵਾਰ ਪਹੁੰਚਣ ‘ਤੇ ਉਨ੍ਹਾ ਦਾ ਨਵਾਂ ਸ਼ਹਿਰ ਡੀ ਸੀ ਦਫਤਰ ਵਿਖੇ ਪ੍ਰਸ਼ਾਸਨ ਅਤੇ ਵਿਧਾਇਕਾਂ ਡਾ. ਨਛੱਤਰ ਪਾਲ ਅਤੇ ਡਾ. ਐੱਸ ਕੇ ਸੁੱਖੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਰਜੀਹੀ ਏਜੰਡੇ ਅਨੁਸਾਰ ਪੰਜਾਬ ਵਿੱਚ ਸਿਹਤ ਢਾਂਚੇ ਦੀ ਕਾਇਆਕਲਪ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾ ਕਿਹਾ ਕਿ 500 ਹੋਰ ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਨੂੰ ਮੁਫਤ ਜਾਂਚ ਅਤੇ ਇਲਾਜ ਤੋਂ ਇਲਾਵਾ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੇ | ਸਰਕਾਰੀ ਖੇਤਰ ਵਿੱਚ ਮਾਹਰਾਂ ਦੀ ਭਰਤੀ ਵਿੱਚ ਪੰਜਾਬ ਦੇ ਉੱਤਰ ਭਾਰਤ ਵਿੱਚ ਪਹਿਲੇ ਸਥਾਨ ਦੀ ਉਦਾਹਰਨ ਦਿੰਦੇ ਹੋਏ ਉਨ੍ਹਾ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਦੇਸ਼ ਭਰ ਵਿੱਚ ਪ੍ਰਾਇਮਰੀ ਹੈੱਲਥ ਕੇਅਰ ਸੇਵਾਵਾਂ ਵਿੱਚ ਪਹਿਲਾ ਸਥਾਨ ਹੋਣਾ ਦੋਹਰੀ ਖੁਸ਼ੀ ਦੀ ਗੱਲ ਹੈ |
ਉਨ੍ਹਾ ਕਿਹਾ ਕਿ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ, ਜਿਸ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੀਆਂ 1400 ਤੋਂ ਵੱਧ ਐਂਬੂਲੈਂਸਾਂ ਦਾ ਮਜ਼ਬੂਤ ਨੈੱਟਵਰਕ ਸਥਾਪਤ ਕਰਨਾ, ਰਾਜ ਵਿੱਚ ਹਾਈਵੇਅ ‘ਤੇ ਸਥਿਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ ਦੀ ਤਾਇਨਾਤੀ ਅਤੇ ਖੂਨਦਾਨੀਆਂ ਦੀ ਡਾਇਰੈਕਟਰੀ ਆਦਿ ਸਾਮਲ ਹੈ | ਫਰਿਸ਼ਤੇ ਸਕੀਮ ਨੂੰ ‘ਗੋਲਡਨ ਆਵਰਜ਼’ (ਮੁੱਢਲੇ ਸਮੇਂ) ਵਿੱਚ ਦੁਰਘਟਨਾ ਪੀੜਤਾਂ ਦੀਆਂ ਜਾਨਾਂ ਬਚਾਉਣ ਵੱਲ ਇੱਕ ਹੋਰ ਅਗਾਂਹਵਧੂ ਕਦਮ ਕਰਾਰ ਦਿੰਦਿਆਂ ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿੱਚ ਫਸਟ ਏਡ ਕਿੱਟਾਂ ਰੱਖਣ ਦੇ ਨਾਲ-ਨਾਲ ਪੀੜਤ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣ | ਉਨ੍ਹਾ ਕਿਹਾ ਕਿ ਵਿਭਾਗ ਇੱਕ ਸਿਹਤ ਸੰਸਥਾ ਵਿੱਚ ਤਾਇਨਾਤ ਇੱਕ ਤੋਂ ਵੱਧ ਮਾਹਰ ਡਾਕਟਰਾਂ ਦੀ ਮੁੜ ਡਿਊਟੀ ਵੰਡ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਤਰਕਸੰਗਤ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ, ਤਾਂ ਜੋ ਸਾਰੇ ਪੰਜਾਬ ਵਾਸੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਮਿਲ ਸਕਣ | ਸਰਕਾਰੀ ਹਸਪਤਾਲਾਂ ਵਿੱਚ ਗਾਇਨੀ ਕੋਲੋਜਿਸਟਸ (ਮਹਿਲਾ ਰੋਗਾਂ ਦੇ ਮਾਹਰ) ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਜਲਦੀ ਹੀ ਸਰਜਰੀ ਦੀਆਂ ਲੋੜਾਂ ਲਈ ਸਥਾਨਕ ਪੱਧਰ ‘ਤੇ ਕੰਮ ਕਰਨ ਵਾਲੇ ਪ੍ਰਾਈਵੇਟ ਗਾਇਨੀ ਕੋਲੋਜਿਸਟਾਂ ਦੀਆਂ ਸੇਵਾਵਾਂ ਲੈਣ ਲਈ ਇੱਕ ਨੀਤੀ ਲਿਆਂਦੀ ਜਾਵੇਗੀ | ਉਹਨਾ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸਨ ਦੇ ਪੰਜਾਬ ਚੈਪਟਰ ਤੋਂ ਸਹਿਯੋਗ ਦੀ ਮੰਗ ਕੀਤੀ | ਉਨ੍ਹਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲਹਿਰ ਵਿੱਚ ਉਨ੍ਹਾਂ ਦੀ ਭਾਈਵਾਲੀ ਦੀ ਮੰਗ ਵੀ ਕੀਤੀ |
ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਉਨ੍ਹਾ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕੀਤੀ |





