ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਦੇ ਆਗਾਜ਼ ਮੌਕੇ ਸਮੂਹ ਮੈਂਬਰਾਂ ਨੇ ਖੜ੍ਹੇ ਹੋ ਕੇ ਲੋਕ ਸਰੋਕਾਰਾਂ, ਲੋਕ ਸਾਹਿਤ ਅਤੇ ਲੋਕ ਸੰਗਰਾਮਾਂ ਨਾਲ ਜੁੜੀਆਂ ਰਹੀਆਂ ਸ਼ਖਸੀਅਤਾਂ ਕਵੀ ਅਨਿਲ ਆਦਮ, ਗੁਰਦੇਵ ਸਿੰਘ ਜੰਡਿਆਲਾ, ਡਾ. ਦਰਸ਼ਨ ਸਿੰਘ ਹਾਂਡਾ ਸ਼ਾਹਬਾਦ, ਡਾ. ਹਰਸ਼ਰਨ ਸਿੰਘ ਏਕਲਗੱਡਾ ਅਤੇ ਜ਼ੀਰਾ ਸ਼ਰਾਬ ਫੈਕਟਰੀ ਦੇ ਘੋਲ ਦੌਰਾਨ ਸ਼ਹਾਦਤ ਪਾ ਗਏ ਰਾਜਬੀਰ ਸਿੰਘ ਮਨਸੂਰ ਕਲਾਂ, ਬੂਟਾ ਸਿੰਘ ਲਹਿਰਾ ਬੇਟ ਨੂੰ ਸੰਗਰਾਮੀ ਸ਼ਰਧਾਂਜਲੀ ਭੇਟ ਕੀਤੀ ਗਈ |
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਪਿਛਲੀ ਜਨਰਲ ਬਾਡੀ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਸੁਣਾਈ, ਜਿਸ ਨੂੰ ਰਾਵਾਂ, ਸੁਝਾਵਾਂ ਸਹਿਤ ਪਾਸ ਕੀਤਾ ਗਿਆ |
ਬੀਤੇ ਅਰਸੇ ‘ਚ ਵਿੱਛੜੇ ਕਮੇਟੀ ਮੈਂਬਰਾਂ ਦੀ ਥਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਸੁਖਵਿੰਦਰ ਸਿੰਘ ਸੇਖੋਂ ਅਤੇ ਐਡਵੋਕੇਟ ਰਾਜਿੰਦਰ ਮੰਡ ਨੂੰ ਕਮੇਟੀ ‘ਚ ਮੈਂਬਰ ਲਿਆ ਗਿਆ | ਦੇਸ਼ ਭਗਤ ਯਾਦਗਾਰ ਹਾਲ ਦੀਆਂ ਨਿਰੰਤਰ ਸਰਗਰਮੀਆਂ, ਮਿਊਜ਼ੀਅਮ, ਲਾਇਬ੍ਰੇਰੀ, ਹਿਸਾਬ-ਕਿਤਾਬ ਅਤੇ ਸਾਂਭ-ਸੰਭਾਲ ਆਦਿ ਦੇ ਕਾਰਜ ਯਕੀਨੀ ਬਣਾਉਣ ਲਈ ਤਿੰਨ ਸਾਲਾਂ ਬਾਅਦ ਚਲੀ ਆਉਂਦੀ ਵਿਧੀ ਮੁਤਾਬਕ ਕਮੇਟੀਆਂ ਦਾ ਪੁਨਰ ਗਠਨ ਕੀਤਾ ਗਿਆ | ਇਹਨਾਂ ਕਮੇਟੀਆਂ ਦੇ ਕਨਵੀਨਰਾਂ ਦੀ ਕੀਤੀ ਚੋਣ ‘ਚ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਲਾਇਬ੍ਰੇਰੀ ਤੇ ਉਸ ਨਾਲ ਜੁੜਵੇਂ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ (ਸੈਮੀਨਾਰ ਹਾਲ) ਦੇ ਕਨਵੀਨਰ ਪ੍ਰੋ. ਗੋਪਾਲ ਸਿੰਘ ਬੁੱਟਰ, ਆਡਿਟ ਕਮੇਟੀ ਅਤੇ ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ ਨੂੰ ਚੁਣਿਆ ਗਿਆ |
ਵੱਖ-ਵੱਖ ਮੁਲਕਾਂ ਵਿੱਚ ਪਹਿਲਾਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਤੀਨਿਧ ਵਜੋਂ ਸਮਾਗਮ ‘ਚ ਸ਼ਾਮਲ ਹੁੰਦੇ ਇਤਿਹਾਸ, ਸਾਹਿਤ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਰਗਰਮੀਆਂ ਕਰਦੇ ਆ ਰਹੇ ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ ਨੂੰ ਵਿਸ਼ੇਸ਼ ਬੁਲਾਰੇ ਵਜੋਂ ਵੀ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਦਾ ਫੈਸਲਾ ਕੀਤਾ ਗਿਆ | ਮੀਟਿੰਗ ‘ਚ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਦੀ ਛੱਤ ਦੀ ਮੁਰੰਮਤ ਉਪਰ ਆਉਣ ਵਾਲੇ ਵੱਡੇ ਖਰਚੇ ਲਈ ਦੇਸ਼-ਵਿਦੇਸ਼ ਵਸਦੇ ਗ਼ਦਰੀ ਬਾਬਿਆਂ ਦੇ ਵਾਰਸਾਂ ਨੂੰ ਵਿਸ਼ੇਸ਼ ਸਹਾਇਤਾ ਕਰਨ ਲਈ ਵੀ ਅਪੀਲ ਕੀਤੀ ਗਈ | ਇਸ ਸੰਬੰਧੀ ਸਮੂਹ ਕਮੇਟੀ ਮੈਂਬਰ ਵੀ ਵਿਸ਼ੇਸ਼ ਉੱਦਮ ਜੁਟਾਉਣਗੇ ਅਤੇ ਸਮੂਹ ਜਥੇਬੰਦੀਆਂ ਨੂੰ ਵੀ ਸਹਾਇਤਾ ਕਰਨ ਲਈ ਵਿਸ਼ੇਸ਼ ਅਪੀਲ ਜਾਰੀ ਕੀਤੀ ਜਾਏਗੀ |





