ਬਾਰਡਰ ਰਾਹੀਂ ਹਥਿਆਰ ਮੰਗਾਉਣ ਵਾਲੇ 3 ਗਿ੍ਫਤਾਰ

0
304

ਖੰਨਾ : ਪੁਲਸ ਨੇ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਹਥਿਆਰ, 22 ਰੌਂਦ ਅਤੇ 2 ਗੱਡੀਆਂ ਬਰਾਮਦ ਕੀਤੀਆਂ | ਗਰੋਹ ਦਾ ਸੰਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ | ਕਾਬੂ ਕੀਤੇ ਗਰੋਹ ਦੇ ਤਿੰਨ ਮੈਂਬਰਾਂ ‘ਚੋਂ ਦੀਪਕ ਗੋਇਲ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ, ਜਿਸ ਨੇ ਇੱਕ ਸਾਲ ਪਹਿਲਾਂ ਹੀ ਚੰਡੀਗੜ੍ਹ ਵਿਖੇ ‘ਆਪ’ ਇੰਚਾਰਜ ਜਰਨੈਲ ਸਿੰਘ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ‘ਚ ਪਾਰਟੀ ਜੁਆਇੰਨ ਕੀਤੀ ਸੀ |
ਐੱਸ ਐੱਸ ਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਵਾਸੀ ਨੱਥੂ ਮਾਜਰਾ ਜ਼ਿਲ੍ਹਾ ਮਾਲੇਰਕੋਟਲਾ ਨੂੰ ਅਜਿਹੇ ਵਿਦੇਸ਼ੀ ਪਿਸਤੌਲ ਸਣੇ ਫੜਿਆ ਗਿਆ, ਜਿਹੜਾ ਕੇਵਲ ਗਜ਼ਟਿਡ ਅਫਸਰਾਂ ਕੋਲ ਹੀ ਹੁੰਦਾ ਹੈ | ਉਸ ਦਾ ਸੰਪਰਕ ਪਰਮਿੰਦਰ ਸਿੰਘ ਪਿੰਦਰੀ ਵਾਸੀ ਮਲੌਦ ਨਾਲ ਨਿਕਲਿਆ | ਪਿੰਦਰੀ ਦੇ ਬੰਦਿਆਂ ਤੋਂ ਆਕਾਸ਼ਦੀਪ ਨੇ ਹਥਿਆਰ ਮੰਗਵਾਏ ਸਨ | ਪਿੰਦਰੀ ਨੇ ਖੁਲਾਸਾ ਕੀਤਾ ਕਿ ਦੀਪਕ ਗੋਇਲ ਕੋਲ ਵੱਡੀ ਗਿਣਤੀ ‘ਚ ਹਥਿਆਰ ਹਨ | ਇਸ ਉਪਰੰਤ ਦੀਪਕ ਗੋਇਲ ਕੋਲੋਂ 5 ਨਜਾਇਜ਼ ਹਥਿਆਰ ਅਤੇ ਰੌਂਦ ਬਰਾਮਦ ਹੋਏ | ਐੱਸ ਐੱਸ ਪੀ ਅਨੁਸਾਰ ਇਨ੍ਹਾਂ ਦਾ ਸੰਬੰਧ ਸੁਖਪ੍ਰੀਤ ਬੁੱਢਾ ਗੈਂਗਸਟਰ ਨਾਲ ਨਿਕਲਿਆ | ਇਨ੍ਹਾਂ ਕਈ ਵਿਅਕਤੀਆਂ ਨੂੰ ਮਾਰਨਾ ਸੀ, ਜਿਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ | ਆਕਾਸ਼ਦੀਪ ਅਤੇ ਪਿੰਦਰੀ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ | ਦੀਪਕ ਗੋਇਲ ਦੇ ਸਿਆਸੀ ਸੰਬੰਧਾਂ ਉਪਰ ਐੱਸ ਐੱਸ ਪੀ ਨੇ ਕੋਈ ਜਵਾਬ ਨਹੀਂ ਦਿੱਤਾ |

LEAVE A REPLY

Please enter your comment!
Please enter your name here