ਨਵੀਂ ਦਿੱਲੀ : ਲੋਕ ਸਭਾ ਦੇ ਸਹੁਲ ਗਾਂਧੀ ਵੱਲੋਂ ਮੰਗਲਵਾਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਬੋਲਦਿਆਂ ਅਡਾਨੀ ਗਰੁੱਪ ਦੀ ਚੜ੍ਹਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਬਾਰੇ ਕੀਤੀਆਂ 18 ਟਿੱਪਣੀਆਂ ਸਦਨ ਦੀ ਕਾਰਵਾਈ ਵਿੱਚੋਂ ਕੱਢ ਦਿੱਤੀਆਂ ਹਨ | ਇਸ ਦੇ ਜਵਾਬ ਵਿਚ ਰਾਹੁਲ ਨੇ ਟਵੀਟ ਕੀਤਾ ਹੈ—ਪ੍ਰਧਾਨ ਮੰਤਰੀ, ਤੁਸੀਂ ਜਮਹੂਰੀਅਤ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ | ਭਾਰਤ ਦੇ ਲੋਕ ਤੁਹਾਨੂੰ ਸਵਾਲ ਕਰ ਰਹੇ ਹਨ, ਸਾਨੂੰ ਜਵਾਬ ਦਿਓ |
ਰਾਹੁਲ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਸੀ ਕਿ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀ ਕਿਸਮਤ ਤੇਜ਼ੀ ਨਾਲ ਬਦਲੀ | ਜਿਹੜੀਆਂ ਟਿੱਪਣੀਆਂ ਸਪੀਕਰ ਨੇ ਕਾਰਵਾਈ ਵਿੱਚੋਂ ਕੱਢੀਆਂ ਹਨ, ਉਨ੍ਹਾਂ ਵਿਚ ਰਾਹੁਲ ਨੇ ਪ੍ਰਧਾਨ ਮੰਤਰੀ ਤੋਂ ਅਡਾਨੀ ਨਾਲ ਰਿਸ਼ਤਿਆਂ ਬਾਰੇ ਜਵਾਬ ਮੰਗਿਆ ਸੀ, ਜਿਹੜੇ ਕਿ ਉਦੋਂ ਦੇ ਹਨ, ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ | ਰਾਹੁਲ ਨੇ ਮੁੰਬਈ ਏਅਰਪੋਰਟ ਅਡਾਨੀ ਗਰੁੱਪ ਨੂੰ ਦੇਣ ਸਮੇਤ ਕਈ ਹੋਰ ਅਦਾਰੇ ਉਸ ਦੇ ਹਵਾਲੇ ਕਰਨ ਦਾ ਜ਼ਿਕਰ ਕੀਤਾ ਸੀ |
ਇਸੇ ਦੌਰਾਨ ਮੋਦੀ ਬਾਰੇ ਟਿੱਪਣੀਆਂ ‘ਤੇ ਭਾਜਪਾ ਨੇ ਕਾਂਗਰਸ ਦੇ ਰਾਹੁਲ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ ਅਤੇ ਸਪੀਕਰ ਨੇ ਇਸ ‘ਤੇ ਵਿਚਾਰ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਹੈ | ਸਦਨ ‘ਚ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਮੈਂਬਰ ਨੇ ਸਦਨ ਦੇ ਕੰਮਕਾਜ ਦੇ ਨਿਯਮਾਂ 353 ਅਤੇ 369 ਦੀ ਉਲੰਘਣਾ ਕੀਤੀ ਹੈ | ਉਨ੍ਹਾ ਕਿਹਾ ਕਿ ਨਿਯਮ 353 ਤਹਿਤ ਆਪਣੇ ਬਚਾਅ ਲਈ ਸਦਨ ‘ਚ ਹਾਜ਼ਰ ਨਾ ਹੋਣ ਵਾਲੇ ਵਿਅਕਤੀ ਖਿਲਾਫ ਦੋਸ਼ ਨਹੀਂ ਲਾਏ ਜਾ ਸਕਦੇ |
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਲੋਕ ਸਭਾ ‘ਚ ਧੰਨਵਾਦ ਮਤੇ ਦਾ ਬੁੱਧਵਾਰ ਜਵਾਬ ਦਿੰਦਿਆਂ ਕਿਹਾ ਕਿ ਅੱਜ ਸਾਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ | ਦੇਸ਼ ‘ਚ ਸਥਿਰ ਤੇ ਫੈਸਲੇ ਲੈਣ ਵਾਲੀ ਸਰਕਾਰ ਹੈ | ਗਣਤੰਤਰ ਦੇ ਮੁਖੀ ਵਜੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਇਤਿਹਾਸਕ ਹੈ ਅਤੇ ਕਰੋੜਾਂ ਭਾਰਤੀ ਨਾਗਰਿਕਾਂ, ਭੈਣਾਂ ਅਤੇ ਧੀਆਂ ਲਈ ਪ੍ਰੇਰਨਾ-ਸਰੋਤ ਵੀ ਹੈ | ਉਨ੍ਹਾ ਕਿਹਾ ਕਿ ਅੱਜ ਦੇਸ਼ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ | ਦੁਨੀਆ ਭਾਰਤ ਦੀ ਖੁਸ਼ਹਾਲੀ ‘ਚ ਆਪਣੀ ਖੁਸ਼ਹਾਲੀ ਦੇਖ ਰਹੀ ਹੈ | ਆਜ਼ਾਦੀ ਤੋਂ ਬਾਅਦ 2004 ਤੋਂ 2014 ਤੱਕ ਦਾ ਦਹਾਕਾ ਘਪਲਿਆਂ ਦਾ ਰਿਹਾ ਹੈ, ਉਸ ਦੌਰਾਨ ਦੇਸ਼ ਹਿੰਸਾ ਦਾ ਸ਼ਿਕਾਰ ਹੋਇਆ |