ਭਿੱਖੀਵਿੰਡ—ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਬੜੀ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਸਰਕਾਰੀ ਸਕੂਲਾਂ ਨੂੰ ਬੇਹਤਰ ਬਣਾਉਣ ਦੇ ਦਮਗਜ਼ੇ ਮਾਰ ਰਹੀ ਹੈ ਤੇ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਸਰਕਾਰੀ ਸਕੂਲਾਂ ‘ਚੋਂ ਬੱਚੇ ਖੋਹਣ ਵਾਸਤੇ ਸਰਕਾਰੀ ਸਕੂਲਾਂ ਦੀਆਂ ਕੰਧਾਂ ‘ਤੇ ਆਪਣੀ ਮਸ਼ਹੂਰੀ ਕਰ ਸਕਦੇ ਹੋ | ਅਜਿਹਾ ਹੀ ਵਾਪਰਿਆ ਹੈ ਸਰਕਾਰੀ ਸਕੂਲ ਭਿੱਖੀਵਿੰਡ ਦੀ ਕੰਧ ‘ਤੇ, ਜਿਸ ‘ਤੇ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਭਿੱਖੀਵਿੰਡ ਦੀ ਮਸ਼ਹੂਰੀ ਕੀਤੀ ਗਈ ਹੈ | ਇਸ ਤੋਂ ਇਲਾਵਾ ਹੋਰ ਵੀ ਪ੍ਰਾਈਵੇਟ ਸਕੂਲਾਂ ਦੀ ਮਸ਼ਹੂਰੀ ਕੀਤੀ ਹੋਈ ਹੈ, ਪਰ ਸਰਕਾਰੀ ਸਕੂਲ ਦੇ ਅਧਿਕਾਰੀਆਂ ਨੂੰ ਕੋਈ ਫਿਕਰ ਨਹੀਂ | ਫਿਕਰ ਹੋਵੇ ਵੀ ਕਿਉਂ, ਇਹਨਾਂ ਅਧਿਕਾਰੀਆਂ ਨੇ ਆਪਣੇ ਬੱਚੇ ਤਾਂ ਡਲਹੌਜ਼ੀ ਪੜ੍ਹਨੇ ਪਾਏ ਹੋਣੇ | ਸਰਕਾਰੀ ਸਕੂਲਾਂ ਵਿੱਚ ਤਾਂ ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਜਿਹੜੇ ਅੱਤ ਦੀ ਮਹਿੰਗੀ ਵਿਦਿਆ ਪ੍ਰਾਈਵੇਟ ਸਕੂਲਾਂ ਵਿੱਚ ਦਿਵਾ ਨਹੀਂ ਸਕਦੇ | ਹੁਣ ਪ੍ਰਾਈਵੇਟ ਸਕੂਲਾਂ ਵਾਲੇ ਥੋੜ੍ਹੀ ਜਿਹੀ ਰੋਟੀ ਖਾਂਦੇ ਗਰੀਬਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਖੋਹਣ ਵੱਲ ਤੁਰ ਪਏ ਹਨ | ਮਾੜੀਮੇਘਾ ਨੇ ਕਿਹਾ ਕਿ ਡੀ ਸੀ ਤਰਨ ਤਾਰਨ ਇਧਰ ਤੁਰੰਤ ਧਿਆਨ ਦੇਣ |