ਚੰਡੀਗੜ੍ਹ : ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਦੀ ਸਮਾਜੀ ਪ੍ਰਗਤੀ ਸੂਚਕ ਅੰਕ ਰਿਪੋਰਟ ਵਿਚ ਹਰਿਆਣਾ ਨੂੰ ਦੇਸ਼ ਦਾ ਸਭ ਤੋਂ ਅਸੁਰੱਖਿਅਤ ਰਾਜ ਕਰਾਰ ਦਿੱਤਾ ਗਿਆ ਹੈ | ਨਾਗਰਿਕ ਸੁਰੱਖਿਆ ਨੂੰ ਲੈ ਕੇ ਭਾਜਪਾ ਸ਼ਾਸਨ ਵਾਲੇ ਇਸ ਰਾਜ ਨੂੰ 100 ਵਿੱਚੋਂ 33.04 ਅੰਕ ਮਿਲੇ ਹਨ, ਜਿਹੜੀ ਦੇਸ਼ ਦੇ 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਭ ਤੋਂ ਖਰਾਬ ਸਥਿਤੀ ਹੈ | ਨਾਗਾਲੈਂਡ ਨੂੰ ਸਭ ਤੋਂ ਸੁਰੱਖਿਅਤ ਰਾਜ ਐਲਾਨਿਆ ਗਿਆ ਹੈ | 34.86 ਅੰਕ ਨਾਲ ਓਡੀਸ਼ਾ ਦੂਜੇ, 35.24 ਅੰਕ ਨਾਲ ਭਾਜਪਾ ਸ਼ਾਸਤ ਆਸਾਮ ਤੀਜੇ ਨੰਬਰ ਦੇ ਅਸੁਰੱਖਿਅਤ ਰਾਜ ਕਰਾਰ ਦਿੱਤੇ ਗਏ ਹਨ | 42.22 ਅੰਕ ਨਾਲ ਤਿਲੰਗਾਨਾ ਚੌਥੇ ਤੇ 43.84 ਅੰਕ ਨਾਲ ਦਿੱਲੀ ਪੰਜਵੇਂ ਨੰਬਰ ‘ਤੇ ਹਨ | ਇਹ ਸੂਚਕ ਅੰਕ ਨਾਗਰਿਕ ਸੁਰੱਖਿਆ ਨੂੰ ਲੈ ਕੇ ਰਾਜ ਸਰਕਾਰ ਦੇ ਇੰਤਜ਼ਾਮ ਤੇ ਜਤਨਾਂ ਦੀ ਪਰਖ ਕਰਦਾ ਹੈ | ਹੱਤਿਆ, ਘਿਨਾਉਣੇ ਅਪਰਾਧ, ਮਹਿਲਾਵਾਂ ਤੇ ਬੱਚਿਆਂ ‘ਤੇ ਅਪਰਾਧ ਤੇ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਹਰਿਆਣਾ ਅੱਵਲ ਰਿਹਾ ਹੈ | ਇਹ ਰਿਪੋਰਟ ਹਰਿਆਣਾ ਲਈ ਇਸ ਕਰਕੇ ਅਹਿਮ ਹੈ, ਕਿਉਂਕਿ ਕੇਂਦਰ ਤੇ ਰਾਜ ਵਿਚ ਭਾਜਪਾ ਦੀਆਂ ਸਰਕਾਰਾਂ ਹਨ | 2024 ਵਿਚ ਲੋਕ ਸਭਾ ਚੋਣਾਂ ਦੇ ਛੇਤੀ ਬਾਅਦ ਸੂਬਾਈ ਅਸੰਬਲੀ ਦੀਆਂ ਚੋਣਾਂ ਹੋਣੀਆਂ ਹਨ | ਅਪਰਾਧ ਨੂੰ ਲੈ ਕੇ ਵਿਗੜੀ ਸਥਿਤੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪ੍ਰੇਸ਼ਾਨ ਕਰੇਗੀ | ਗ੍ਰਹਿ ਮੰਤਰੀ ਅਨਿਲ ਵਿੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਰ ਹਫਤੇ ਸ਼ਨੀਵਾਰ ਜਨਤਾ ਦਰਬਾਰ ਲਾਉਂਦੇ ਹਨ | ਉਨ੍ਹਾ ਨੂੰ ਹਰ ਹਫਤੇ 6 ਤੋਂ 7 ਹਜ਼ਾਰ ਸ਼ਿਕਾਇਤਾਂ ਮਿਲਦੀਆਂ ਹਨ, ਪਰ ਰਿਪੋਰਟ ਦੱਸਦੀ ਹੈ ਕਿ ਜਨਤਾ ਦਰਬਾਰ ਵੀ ਕਾਰਗਰ ਨਹੀਂ | ਹਰਿਆਣਾ ਪੁਲਸ ਦੀ ਖੁਫੀਆ ਰਿਪੋਰਟ ਮੁਤਾਬਕ ਮਹਿਲਾਵਾਂ ਵਿਰੁੱਧ ਅਪਰਾਧਾਂ ਵਿਚ ਇਕ ਸਾਲ ‘ਚ 27 ਫੀਸਦੀ ਦਾ ਵਾਧਾ ਹੋਇਆ ਹੈ | ਅਗਵਾ ਦੇ 1766 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 92 ਮਰਦਾਂ ਦੇ ਤੇ 1674 ਮਹਿਲਾਵਾਂ ਦੇ ਹਨ |