ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਆਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਖੜਗੇ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ‘ਤੇ ਬੁੱਧਵਾਰ ਬਹਿਸ ਦੌਰਾਨ ਕਹੀਆਂ ਗਈਆਂ ਕੁਝ ਗੱਲਾਂ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਕਾਰਵਾਈ ਵਿੱਚੋਂ ਕੱਢਣ ‘ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਉਨ੍ਹਾ ਕੋਈ ਗੈਰਸੰਸਦੀ ਸ਼ਬਦ ਨਹੀਂ ਵਰਤੇ ਤੇ ਅਜਿਹੇ ਸ਼ਬਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਵਰਤੇ ਸਨ | ਧਨਖੜ ਨੇ ਆਪਣੇ ਫੈਸਲੇ ‘ਤੇ ਨਜ਼ਰਸਾਨੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ | ਵੀਰਵਾਰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਮੈਂਬਰਾਂ ਨੇ ਖੜਗੇ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਢਣ ਪਿਛਲੇ ਤੁਕ ‘ਤੇ ਕਿੰਤੂ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਤੇ ਮਨਮੋਹਨ ਸਿੰਘ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਟਿੱਪਣੀਆਂ ਅਜੇ ਵੀ ਰਿਕਾਰਡ ਵਿਚ ਹਨ | ਖੜਗੇ ਨੇ ਕਿਹਾ ਕਿ ਉਨ੍ਹਾ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੇਮਾਂ ਤੇ ਪ੍ਰਕਿਰਿਆਵਾਂ ਮੁਤਾਬਕ ਸਨ, ਜਿਨ੍ਹਾਂ ਨੂੰ ਕਾਰਵਾਈ ਵਿੱਚੋਂ ਕੱਢਿਆ ਨਹੀਂ ਜਾ ਸਕਦਾ | ਖੜਗੇ ਨੇ ਚੇਅਰਮੈਨ ਨੂੰ ਕਿਹਾ—ਵਾਜਪਾਈ ਨੇ ਵੇਲੇ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਓ ਪ੍ਰਤੀ ਅਜਿਹੇ ਸ਼ਬਦ ਵਰਤੇ ਸਨ | ਉਹ ਅਜੇ ਵੀ ਰਿਕਾਰਡ ਵਿਚ ਹਨ | ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ | ਜਦੋਂ ਕਾਂਗਰਸ ਦੇ ਚੀਫ ਵਿੱ੍ਹਪ ਜੈਰਾਮ ਰਮੇਸ਼ ਸਣੇ ਹੋਰਨਾਂ ਪਾਰਟੀ ਆਗੂਆਂ ਨੇ ਨੁਕਤਾ ਉਠਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਉਨ੍ਹਾਂ ਨੂੰ ਬਿਠਾ ਦਿੱਤਾ | ਰਮੇਸ਼ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹਨ ਅਤੇ ਹਿੰਦੀ, ਕੰਨੜ, ਇੰਗਲਿਸ਼ ਤੇ ਹੋਰ ਭਾਸ਼ਾਵਾਂ ਵੀ ਜਾਣਦੇ ਹਨ | ਉਹ ਸੰਸਦੀ ਭਾਸ਼ਾ ਜਾਣਦੇ ਹਨ, ਪਰ ਤੁਸੀਂ ਉਨ੍ਹਾਂ ਨੂੰ ਟੋਕਣੋਂ ਨਹੀਂ ਹਟੇ, ਇਹ ਠੀਕ ਨਹੀਂ | ਅਡਾਨੀ ਗਰੁੱਪ ਨਾਲ ਜੁੜੇ ਮਾਮਲਿਆਂ ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾ ‘ਤੇ ਜਿੰਨਾ ਚਿੱਕੜ ਸੁੱਟਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ | ਪ੍ਰਧਾਨ ਮੰਤਰੀ ਨੇ ਇਹ ਗੱਲ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਉਪਰ ਰਾਜ ਸਭਾ ‘ਚ ਚਰਚਾ ਦਾ ਜਵਾਬ ਦਿੰਦੇ ਹੋਏ ਕਹੀ | ਪ੍ਰਧਾਨ ਮੰਤਰੀ ਨੇ ਜਿਵੇਂ ਹੀ ਜਵਾਬ ਦੇਣਾ ਸ਼ੁਰੂ ਕੀਤਾ, ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰ ਮੰਚ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ |