ਨਵੀਂ ਦਿੱਲੀ : ਜਮੀਅਤ ਓਲੇਮਾ-ਏ-ਹਿੰਦ ਦੇ ਚੀਫ਼ ਮਹਿਮੂਦ ਮਦਨੀ ਨੇ ਸ਼ਨੀਵਾਰ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਨਾਲ ਸਾਡਾ ਕੋਈ ਧਾਰਮਕ ਮਤਭੇਦ ਨਹੀਂ, ਸਗੋਂ ਵਿਚਾਰਾਂ ਦਾ ਮਤਭੇਦ ਹੈ | ਭਾਰਤ ਜਿੰਨਾ ਮੋਦੀ ਅਤੇ ਭਾਗਵਤ ਦਾ ਹੈ, ਓਨਾ ਹੀ ਇਹ ਦੇਸ਼ ਮਹਿਮੂਦ ਦਾ ਵੀ ਹੈ | ਨਾ ਮਹਿਮੂਦ ਉਹਨਾਂ ਤੋਂ ਇੱਕ ਇੰਚ ਅੱਗੇ ਹੈ ਅਤੇ ਨਾ ਹੀ ਉਹ ਮਹਿਮੂਦ ਤੋਂ ਇੱਕ ਇੰਚ ਅੱਗੇ ਹਨ | ਦਿੱਲੀ ਦੇ ਰਾਮਲੀਲ੍ਹਾ ਮੈਦਾਨ ‘ਚ ਜਮੀਅਤ ਓਲੇਮਾ ਏ ਹਿੰਦ ਦੇ 34ਵੇਂ ਅਜਲਾਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾ ਕਿਹਾ ਕਿ ਸਾਡੀ ਨਜ਼ਰ ‘ਚ ਹਿੰਦੂ ਅਤੇ ਮੁਸਲਮਾਨ ਬਰਾਬਰ ਹਨ | ਅਸੀਂ ਇਨਸਾਨਾਂ ‘ਚ ਕੋਈ ਫਰਕ ਨਹੀਂ ਕਰਦੇ | ਜਮੀਅਤ ਏ ਓਲੇਮਾ ਦੀ ਪਾਲਸੀ ਰਹੀ ਹੈ ਕਿ ਭਾਰਤ ਦੇ ਸਾਰੇ ਸ਼ਹਿਰੀ ਬਰਾਬਰ ਹਨ, ਇਨ੍ਹਾਂ ‘ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ | ਇਸ ਦੌਰਾਨ ਉਨ੍ਹਾ ਭਾਗਵਤ ਅਤੇ ਸੰਘ ਪ੍ਰਮੁੱਖ ਨੂੰ ਸੱਦਾ ਦਿੱਤਾ | ਜਮੀਅਤ ਚੀਫ਼ ਨੇ ਕਿਹਾ ਕਿ ਅਸੀਂ ਆਰ ਐੱਸ ਐੱਸ ਅਤੇ ਉਸ ਦੇ ਸਰ ਸੰਘ ਚਾਲਕ ਨੂੰ ਸੱਦਾ ਦਿੰਦੇ ਹਾਂ, ਆਓ, ਆਪਸੀ ਮਦਭੇਦ ਅਤੇ ਦੁਸ਼ਮਣੀ ਨੂੰ ਭੁੱਲ ਕੇ ਇੱਕ-ਦੂਜੇ ਨੂੰ ਗਲੇ ਲਗਾਈਏ ਅਤੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੁਲਕ ਬਣਾਈਏ | ਸਾਨੂੰ ਸਨਾਤਨ ਧਰਮ ਤੋਂ ਕੋਈ ਸ਼ਿਕਾਇਤ ਨਹੀਂ, ਤੁਹਾਨੂੰ ਵੀ ਇਸਲਾਮ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ |
ਮੌਲਾਨਾ ਮਦਨੀ ਨੇ ਕਿਹਾ ਕਿ ਇਹ ਧਰਤੀ ਮੁਸਲਮਾਨਾਂ ਦੀ ਪਹਿਲੀ ਮਾਤ ਭੂਮੀ ਹੈ | ਇਹ ਕਹਿਣਾ ਕਿ ਇਸਲਾਮ ਇੱਕ ਇਸ ਤਰ੍ਹਾਂ ਦਾ ਧਰਮ ਹੈ, ਜੋ ਬਾਹਰ ਤੋਂ ਆਇਆ ਹੈ, ਪੂਰੀ ਤਰ੍ਹਾਂ ਗਲਤ ਹੈ | ਇਸਲਾਮ ਸਾਰੇ ਧਰਮਾਂ ਤੋਂ ਸਭ ਤੋਂ ਪੁਰਾਣਾ ਧਰਮ ਹੈ | ਮੁਸਲਮਾਨਾਂ ਲਈ ਭਾਰਤ ਸਭ ਤੋਂ ਚੰਗਾ ਦੇਸ਼ ਹੈ, ਪਰ ਇੱਥੇ ਮੁਸਲਮਾਨਾਂ ਖਿਲਾਫ਼ ਨਫ਼ਰਤ ਅਤੇ ਉਕਸਾਵੇ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਹਾਲ ਦੇ ਦਿਨਾਂ ‘ਚ ਇਸਲਾਮ ਫੋਬੀਆ ਕਾਫ਼ੀ ਵਧ ਗਿਆ ਹੈ | ਉਨ੍ਹਾ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਸਿਰਫ਼ ਮੁਸਲਮਾਨਾਂ ਦਾ ਮੁੱਦਾ ਨਹੀਂ, ਬਲਕਿ ਇਹ ਦੇਸ਼ ਦੇ ਵੱਖ-ਵੱਖ ਸਮਾਜਕ ਸਮੂਹਾਂ, ਭਾਈਚਾਰੇ, ਜਾਤੀਆਂ ਅਤੇ ਸਾਰੇ ਵਰਗਾਂ ਨਾਲ ਸੰਬੰਧਤ ਹੈ | ਜ਼ਿਕਰਯੋਗ ਹੈ ਕਿ ਸ਼ਨੀਵਾਰ ਜਮੀਅਤ ਉਲੇਮਾ ਏ ਹਿੰਦ ਦੇ ਅਜਲਾਸ ‘ਚ ਸ਼ਾਮਲ ਹੋਣ ਵਾਲੇ ਮੌਲਵੀਆਂ ਨੇ ਕੁਝ ਪ੍ਰਸਤਾਵ ਪਾਸ ਕੀਤੇ ਸਨ | ਇਸ ‘ਚ ਇਸਲਾਮ ਫੋਬੀਆ, ਯੂਨੀਫਾਰਮ ਸਿਵਲ ਕੋਡ, ਪਰਸਨਲ ਲਾਅ ‘ਚ ਦਖ਼ਲਅੰਦਾਜ਼ੀ ਖਿਲਾਫ਼, ਪੱਛੜੇ ਵਰਗ ਦੇ ਮੁਸਲਮਾਨਾਂ ਲਈ ਰਾਖਵਾਂਕਰਨ, ਮਦਰੱਸਿਆਂ ਦਾ ਸਰਵੇ, ਇਸਲਾਮ ਖਿਲਾਫ਼ ਗਲਤ ਸੂਚਨਾ ਅਤੇ ਕਸ਼ਮੀਰ ਮੁੱਦੇ ਸ਼ਾਮਲ ਹਨ |





