ਮੋਗਾ (ਨਵਾਂ ਜ਼ਮਾਨਾ ਸਰਵਿਸ)-ਗਦਰੀ ਦੇਸ਼ ਭਗਤ ਬਾਬਾ ਰੂੜ ਸਿੰਘ ਚੂਹੜ ਚੱਕ ਦੀ 73ਵੀਂ ਬਰਸੀ ਕਾਮਰੇਡ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਚੂਹੜ ਚੱਕ ਵਿਖੇ ਮਨਾਈ ਗਈ | ਇਸ ਮੌਕੇ ਬੋਲਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਬਾਬਾ ਰੂੜ ਸਿੰਘ ਚੂਹੜ ਚੱਕ ਗਦਰ ਪਾਰਟੀ ਦੇ ਮੋਢੀਆਂ ਵਿਚੋਂ ਸਨ | ਇਹ ਗਦਰੀ ਵਿਦੇਸ਼ਾਂ ਵੱਲ ਗਏ ਤਾਂ ਕਮਾਈਆਂ ਕਰਨ ਸੀ, ਪਰ ਉਥੇ ਆਪਣੇ ਦੇਸ਼ ਦੀ ਗੁਲਾਮੀ ਦੇ ਡੂੰਘੇ ਅਹਿਸਾਸ ਨੇ ਇਹਨਾਂ ਅੰਦਰ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚਿਣਗ ਜਗਾ ਦਿੱਤੀ |
ਉਹਨਾਂ ਨਿੱਜੀ ਕਮਾਈਆਂ ਨੂੰ ਲੱਤ ਮਾਰ ਕੇ ਦੇਸ਼ ਦੀ ਆਜ਼ਾਦੀ ਦਾ ਬੀੜਾ ਚੁੱਕ ਲਿਆ | ਉਹ ‘ਗਦਰ ਪਾਰਟੀ’ ਬਣਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਵਾਪਸ ਆਏ | ਇਸ ਦੌਰਾਨ ਉਨ੍ਹਾਂ ਅੰਗਰੇਜ਼ ਹਾਕਮਾਂ ਦੇ ਅਨੇਕਾਂ ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ, ਜ਼ਮੀਨਾਂ, ਜਾਇਦਾਦਾਂ ਕੁਰਕ ਕਰਵਾਈਆਂ, ਪਰ ਹਾਰ ਨਾ ਮੰਨੀ | ਅਖੀਰ ਇਹਨਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋ ਗਿਆ, ਪਰ ਮੌਜੂਦਾ ਕੇਂਦਰ ਸਰਕਾਰ ਸਾਰੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਭਾਰਤ ਨੂੰ ਫਿਰ ਗੁਲਾਮੀ ਵੱਲ ਧਕੇਲ ਰਹੀ ਹੈ | ਭਾਈਚਾਰਕ ਸਾਂਝ ਨੂੰ ਤੋੜਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਅਸਲ ਮੁੱਦਿਆਂ ਤੋਂ ਧਿਆਨ ਭੜਕਾਉਣਾ ਹੈ | ਹੁਣੇ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਵੀ ਕਿਸਾਨਾਂ, ਮਜ਼ਦੂਰਾਂ, ਆਮ ਲੋਕਾਂ ਦੇ ਵਿਰੁੱਧ ਤੇ ਕਾਰਪੋਰੇਟਰਾਂ ਦੇ ਪੱਖ ਵਾਲਾ ਹੈ |
ਬਜਟ ਵਿੱਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਤੇ ਜਵਾਨੀ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ | ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਤੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੂਰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਐੱਮ ਐੱਸ ਪੀ ਵਰਗੀ ਅਹਿਮ ਮੰਗ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ | ਮਨਰੇਗਾ ਬਜਟ ਵਿੱਚ ਵਾਧਾ ਕਰਨ ਦੀ ਬਜਾਏ ਸਗੋਂ 89400 ਕਰੋੜ ਤੋਂ ਘਟਾ ਕੇ 60000 ਕਰੋੜ ਕਰ ਦਿੱਤਾ ਹੈ | ਜੋ ਸਰਕਾਰ ਦੇ ਮਨਸੂਬਿਆਂ ਨੂੰ ਨੰਗਿਆਂ ਕਰਦਾ ਹੈ | ਇਸ ਦੌਰਾਨ ਸੂਬਾ ਲੀਡਰਸ਼ਿਪ ਵੱਲੋਂ ਜਰਨੈਲ ਸਿੰਘ ਮੱਲੇਆਣਾ ਦੁਆਰਾ ਲਿਖਤ ਕਿਤਾਬ ‘ਜੀਵਨੀ ਗਦਰੀ ਬਾਬਾ ਰੂੜ ਸਿੰਘ ਚੂਹੜ ਚੱਕ’ ਵੀ ਰਿਲੀਜ਼ ਕੀਤੀ ਗਈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਮਹਿੰਦਰਪਾਲ ਮੁਹਾਲੀ, ਚਰਨਜੀਤ ਸਿੰਘ, ਜਗਜੀਤ ਜੀਤਾ, ਮਲਕੀਤ ਸਿੰਘ, ਗੁਰਮੀਤ ਸਿੰਘ, ਰਾਜੂ, ਸ਼ੇਰ ਸਿੰਘ, ਜਗਸੀਰ ਖੋਸਾ, ਮਹਿੰਦਰ ਸਿੰਘ ਧੂੜਕੋਟ ਤੇ ਭੈਣ ਮਾਰੀਆ ਆਦਿ ਹਾਜ਼ਰ ਸਨ |
ਲੋਕ ਕਲਾ ਮੰਚ ਇਪਟਾ ਕਪੂਰਥਲਾ ਦੀ ਟੀਮ ਵੱਲੋਂ ਇੰਦਰਜੀਤ ਰੂਪੋਵਾਲੀ ਦੀ ਨਿਰਦੇਸ਼ਨਾ ਹੇਠ ਨਾਟਕ ਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ |
ਰਸੂਲਪੁਰ ਦੇ ਕਵੀਸ਼ਰੀ ਜਥੇ ਨੇ ਸ਼ਾਨਦਾਰ ਹਾਜ਼ਰੀ ਲਗਵਾਈ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਰਿੰਦਰ ਕੌਰ ਸੋਹਲ ਵੱਲੋਂ ਨਿਭਾਈ ਗਈ |




