ਬੀ ਕੇ ਐੱਮ ਯੂ ਭਾਰਤੀ ਕਮਿਊਨਿਸਟ ਅੰਦੋਲਨ ਦੀ ਰੀੜ੍ਹ ਦੀ ਹੱਡੀ : ਓਝਾ

0
228

ਚੇਨਈ (ਗਿਆਨ ਸੈਦਪੁਰੀ)
‘ਭਾਰਤੀ ਖੇਤ ਮਜ਼ਦੂਰ ਯੂਨੀਅਨ ਭਾਰਤੀ ਕਮਿਊਨਿਸਟ ਅੰਦੋਲਨ ਦੀ ਰੀੜ੍ਹ ਦੀ ਹੱਡੀ ਹੈ | ਇਕੱਲਿਆਂ ਅਤੇ ਸਾਂਝੀਆਂ ਸਰਗਰਮੀਆਂ ਰਾਹੀਂ ਇਸ ਦੀ ਮਜ਼ਬੂਤੀ ਜ਼ਰੂਰੀ ਹੈ’ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਰਾਜ ਸਭਾ ਮੈਂਬਰ ਅਤੇ ਬੀ ਕੇ ਐੱਮ ਯੂ ਦੇ ਸੀਨੀਅਰ ਆਗੂ ਨਾਗੇਂਦਰ ਨਾਥ ਓਝਾ ਨੇ ਕੀਤਾ | ਉਹ ਇੱਥੇ ਚੱਲ ਰਹੀ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਵਿਜੈਵਾੜਾ ਵਿੱਚ ਹੋਈ ਪਾਰਟੀ ਕਾਂਗਰਸ ਵਿੱਚ ਵੀ ਬੀ ਕੇ ਐੱਮ ਯੂ ਦੀ ਮਜ਼ਬੂਤੀ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ | ਉਨ੍ਹਾ ਜਥੇਬੰਦੀ ਦੇ ਆਗੂਆਂ ਵੱਲੋਂ ਮਜ਼ਦੂਰ ਵਰਗ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹ ਕਿ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ | ਓਝਾ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਗਿਣਾਉਣ ਦੀ ਥਾਂ ਇਹ ਹੱਲ ਕਰਨ ਲਈ ਵਧੇਰੇ ਕੰਮ ਕੀਤਾ ਜਾਵੇ |
ਸਾਬਕਾ ਰਾਜ ਸਭਾ ਮੈਂਬਰ ਨੇ ਮੁਲਕ ਅੰਦਰ ਆਰ ਐੱਸ ਐੱਸ, ਭਾਜਪਾ ਤੇ ਮੋਦੀ ਸਰਕਾਰ ਵੱਲੋਂ ਪੈਦਾ ਕੀਤੇ ਜਾ ਰਹੇ ਡਰ ਅਤੇ ਸਹਿਮ ਵਾਲੇ ਮਾਹੌਲ ਦਾ ਜ਼ਿ ਕਰ ਕਰਦਿਆਂ ਕਿਹਾ ਕਿ ਮੁਸੋਲਿਨੀ ਦੇ ਗੁਰੂ ਪਰੇਤੋ ਦੀ ਨੀਤੀ ਸੀ ਕਿ ਜਿਸ ਵਰਗ ਨੇ ਕ੍ਰਾਂਤੀ ਲਈ ਕੋਸ਼ਿਸ਼ਾਂ ਨਾਲ ਅੱਗੇ ਵਧਣ ਦਾ ਟੀਚਾ ਮਿਥ ਲਿਆ ਹੋਵੇ, ਉਸ ਵਰਗ ਵਿੱਚ ਉੱਭਰ ਰਹੀਆਂ ਸ਼ਖਸੀਅਤਾਂ ਨੂੰ ਹਰ ਤਰੀਕੇ ਨਾਲ ਹੁਕਮਰਾਨਾਂ ਵੱਲੋਂ ਆਪਣੇ ਪਾਸੇ ਵੱਲ ਕਰ ਲੈਣਾ ਚਾਹੀਦਾ ਹੈ | ਆਦਿਵਾਸੀ ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਵੀ ਇਸੇ ਨੀਤੀ ਦਾ ਹਿੱਸਾ ਹੈ |
ਇਸ ਤੋਂ ਪਹਿਲਾਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਰਿਪੋਰਟ ਪੇਸ਼ ਕਰਦਿਆਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ |
ਉਨ੍ਹਾ ਕਿਹਾ ਕਿ ਕਾਰਜਕਾਰਨੀ ਦੀ ਮੀਟਿੰਗ ਉਸ ਮੌਕੇ ਹੋ ਰਹੀ ਹੈ, ਜਦੋਂ ਮੋਦੀ ਸਰਕਾਰ ਨੇ ਦੇਸ਼ ਨੂੰ ਘੋਰ ਮੁਸੀਬਤਾਂ ਦੇ ਹਵਾਲੇ ਕੀਤਾ ਹੋਇਆ ਹੈ | ਯੂਨੀਅਨ ਨੂੰ ਇੱਕ ਪਾਸੇ ਆਰਥਕ ਮੁੱਦਿਆਂ ‘ਤੇ ਲੜਾਈ ਦੇਣੀ ਪੈ ਹੀ ਹੈ, ਦੂਸਰੇ ਪਾਸੇ ਦਲਿਤਾਂ ਉੱਤੇ ਵਧ ਰਹੇ ਹਮਲਿਆਂ ਅਤੇ ਛੂਤ-ਛਾਤ ਦਾ ਮਸਲਾ ਫੰਨ ਖਿਲਾਰੀ ਖੜ੍ਹਾ ਹੈ |
ਆਰ ਐੱਸ ਐੱਸ ਦੇ ਦੇਸ਼ ਵਿਰੋਧੀ ਕਾਰਿਆਂ ਵਿਰੁੱਧ ਵੀ ਲੜਿਆ ਜਾ ਰਿਹਾ ਹੈ | ਇਸ ਮੌਕੇ ਜਿੱਥੇ ਦੇਸ਼ ਦੇ ਸਰਮਾਏ ਉੱਤੇ ਕੁਝ ਲੋਕਾਂ ਦਾ ਕਬਜਾ ਹੋ ਰਿਹਾ ਹੈ, ਦੂਜੇ ਪਾਸੇ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਵਧਦੀ ਹੋਈ ਖੇਤੀ ਮਸ਼ੀਨਰੀ ਕਾਰਨ ਖੇਤ ਮਜ਼ਦੂਰਾਂ ਕੋਲੋਂ ਕੰਮ ਖੁਸ ਗਿਆ ਹੈ | ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਬਦਲਵੇਂ ਕੰਮਾਂ ਲਈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ | ਕੇਂਦਰ ਸਰਕਾਰ ਵੱਲੋਂ ਹੁਣੇ ਜਿਹੇ ਪੇਸ਼ ਕੀਤਾ ਗਿਆ ਬਜਟ ਗਰੀਬ ਤੇ ਮਜ਼ਦੂਰ ਵਿਰੋਧੀ ਸਿੱਧ ਹੋ ਚੁੱਕਾ ਹੈ | ਮਜ਼ਦੂਰ ਦੇ ਚੁੱਲਿ੍ਹਆਂ ਨੂੰ ਬਲਦਾ ਰੱਖਣ ਲਈ ਸਹਿਯੋਗੀ ਮਨਰੇਗਾ ਸਕੀਮ ਦੇ ਬੱਜਟ ‘ਤੇ ਤਾਂ 33 ਫੀਸਦੀ ਕੱਟ ਲਾ ਦਿੱਤਾ ਗਿਆ, ਪਰ ਅਡਾਨੀਆਂ ਨੂੰ ਮਾਲੋਮਾਲ ਬਣਨ ਦੇ ਹੋਰ ਰਾਹ ਖੋਲ੍ਹ ਦਿੱਤੇ ਗਏ ਹਨ | ਦਲਿਤਾਂ ਅਤੇ ਮਜ਼ਦੂਰਾਂ ‘ਤੇ ਹੋ ਰਹੇ ਚੁਫੇਰੇ ਹਮਲਿਆਂ ਨੇ ਉਨ੍ਹਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ | ਇਸ ਧੁੰਦਲਕੇ ਨੂੰ ਦੂਰ ਕਰਨ ਲਈ ਵੱਖ-ਵੱਖ ਧਿਰਾਂ ਵੱਲੋਂ ਵਿਸ਼ਾਲ ਮੰਚ ਤੋਂ ਜ਼ੋਰਦਾਰ ਸੰਘਰਸ਼ ਕਰਨ ਦੀ ਲੋੜ ਹੈ | ਗੋਰੀਆ ਨੇ ਕਿਹਾ ਕਿ ਇਸ ਦਿਸ਼ਾ ਦੀ ਰੌਸ਼ਨੀ ਵਿੱਚ ਸੁਹਿਰਦ ਕੋਸ਼ਿਸ਼ਾਂ ਹੋਈਆਂ ਵੀ ਹਨ, ਜਿਨ੍ਹਾਂ ਦੇ ਉਤਸ਼ਾਹਜਨਕ ਨਤੀਜੇ ਆਏ ਹਨ | ਉਨ੍ਹਾ ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸਾਂਝੇ ਸੰਘਰਸ਼ ਦਾ ਵੀ ਜ਼ਿਕਰ ਕੀਤਾ |
ਮੀਟਿੰਗ ਦੇ ਸ਼ੁਰੂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਦਰਿਆਓ ਸਿੰਘ ਕਸ਼ਿਅਪ ਨੇ ਪਿਛਲੀ ਮੀਟਿੰਗ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਬਾਰੇ ਮਤਾ ਪੇਸ਼ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਨ੍ਹਾਂ ਵਿਛੋੜਾ ਦੇ ਗਏ ਸਾਥੀਆਂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਸੰਘੇੜਾ, ਕੁਸਮ ਦੇਵੀ ਗਾਇਕਵੜ ਤੇ ਨਾਮਦੇਵ ਗਾਦੜੇ (ਮਹਾਰਾਸ਼ਟਰ), ਸੱਤਪਾਲ ਸਿੰਘ ਬੈਨੀਪਾਲ ਹਰਿਆਣਾ ਆਦਿ ਸ਼ਾਮਲ ਹਨ |
ਏਟਕ (ਤਾਮਿਲਨਾਡੂ) ਦੇ ਸੂਬਾ ਸਕੱਤਰ ਏ ਭਾਸਕਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਬੀ ਕੇ ਐੱਮ ਯੂ ਮਜ਼ਦੂਰ ਜਥੇਬੰਦੀਆਂ ਵਿੱਚ ਅਹਿਮ ਸਥਾਨ ਰੱਖਦੀ ਹੈ | ਮੀਟਿੰਗ ਨੂੰ ਬੀ ਕੇ ਐੱਮ ਯੂ. ਦੇ ਕੌਮੀ ਪ੍ਰਧਾਨ ਪੇਰੀਆ ਸਾਮੀ, ਸਾਬਕਾ ਐੱਮ ਪੀ ਤੇ ਸਾਬਕਾ ਯੂਨੀਅਨ ਪ੍ਰਧਾਨ ਈ ਇਸਮਾਈਲ, ਕੁਲ ਹਿੰਦ ਦਲਿਤ ਅੰਦੋਲਨ ਦੇ ਜਨਰਲ ਸਕੱਤਰ ਵਜੇਂਦਰ ਸਿੰਘ ਨਿਰਮਲ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਸਭਾ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ ਨੇ ਵੀ ਸੰਬੋਧਨ ਕੀਤਾ |
ਇਹ ਖਬਰ ਲਿਖੇ ਜਾਣ ਤੱਕ ਗੁਲਜ਼ਾਰ ਗੋਰੀਆ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ‘ਤੇ ਬਹਿਸ ਜਾਰੀ ਸੀ |

LEAVE A REPLY

Please enter your comment!
Please enter your name here