25.2 C
Jalandhar
Thursday, September 19, 2024
spot_img

ਰਣਜੀਤ ਸਾਗਰ ਝੀਲ ਨੂੰ ਵਿਸ਼ਵ ਪੱਧਰੀ ਸੈਲਾਨੀ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ

ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਨੂੰ ਆਲਮੀ ਨਕਸ਼ੇੇ ‘ਤੇ ਲਿਆਉਣ, ਸੈਰ-ਸਪਾਟੇ ਨੂੰ ਹੁਲਾਰਾ ਦੇਣ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਕੌਮਾਂਤਰੀ ਪੱਧਰ ਦੇ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਪੰਜਾਬ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਨਵੀਂ ਦਿੱਲੀ ਵਿਖੇ ਨਿਵੇਸ਼ਕ ਸੰਮੇਲਨ ਦਾ ਆਯੋਜਨ ਕੀਤਾ ਤਾਂ ਜੋ ਸੂਬੇ ਵਿੱਚ ਸੈਰ-ਸਪਾਟਾ ਤੇ ਹੋਰ ਖੇਤਰਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਾ ਸਕੇ | ਸੰਮੇਲਨ ਦੌਰਾਨ ਜਿੱਥੇ ਰਣਜੀਤ ਸਾਗਰ ਝੀਲ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ‘ਤੇ ਵਿਸੇਸ ਧਿਆਨ ਦਿੱਤਾ ਗਿਆ, ਉਥੇ ਹੀ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤੇ ਜਾਣ ਦੀ ਸੰਭਾਵਨਾ ਵਾਲੇ ਕਈ ਹੋਰ ਪ੍ਰਾਜੈਕਟ ਵੀ ਪ੍ਰਦਰਸ਼ਿਤ ਕੀਤੇ ਗਏ | ਹੋਰ ਪ੍ਰਾਜੈਕਟਾਂ ਵਿੱਚ ਕਪੂਰਥਲਾ ਵਿੱਚ ਦਰਬਾਰ ਹਾਲ ਤੇ ਗੋਲ ਕੋਠੀ, ਸੰਗਰੂਰ ਵਿੱਚ ਸੰਗਰੂਰ ਕੋਠੀ, ਅੰਮਿ੍ਤਸਰ ਤੇ ਮੋਹਾਲੀ ਵਿਚ ਕਨਵੈਨਸ਼ਨ ਸੈਂਟਰ, ਸ਼ਾਹਪੁਰ ਕੰਢੀ ਦਾ ਕਿਲ੍ਹਾ ਆਦਿ ਸ਼ਾਮਲ ਹਨ | ਹਰਿਆਲੀ ਅਤੇ ਪਹਾੜੀਆਂ ਨਾਲ ਘਿਰੀ, ਰਣਜੀਤ ਸਾਗਰ ਝੀਲ ਨਾਲ 74.76 ਏਕੜ ਵਿੱਚ ਫੈਲੀ ਇਸ ਸਾਈਟ ਵਿੱਚ ਸੈਰ-ਸਪਾਟੇ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਡਲਹੌਜੀ ਦੇ ਰਸਤੇ ਵਿੱਚ ਸਥਿਤ ਹੈ ਤੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ਧਰਮਸ਼ਾਲਾ, ਪਾਲਮਪੁਰ, ਚੰਬਾ ਤੇ ਵੈਸ਼ਨੋ ਦੇਵੀ, ਕਟੜਾ ਦੇ ਨੇੜੇ ਹੈ | ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਤਹਿਤ ਅਤਿ-ਆਧੁਨਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਾਤਾਵਰਣ ਅਤੇ ਜੰਗਲਾਤ ਪੜਾਅ-1 ਸੰਬੰਧੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ | ਇਸ ਸੰਮੇਲਨ ਵਿੱਚ ਸੈਰ-ਸਪਾਟਾ ਖੇਤਰ ਦੀਆਂ ਨਾਮਵਰ ਸੰਸਥਾਵਾਂ ਜਿਨ੍ਹਾਂ ਵਿੱਚ ਆਈਟੀਸੀ ਹਾਸਪਿਟੈਲਿਟੀ, ਤਾਜ, ਮਹਿੰਦਰਾ ਹੋਲੀਡੇਜ, ਮੈਰੀਅਟ, ਹਯਾਤ, ਪਾਰਕ, ਸੀਜੀਐਚ ਅਰਥ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਹਿੱਸਾ ਲਿਆ | ਸੈਰ ਸਪਾਟਾ ਖੇਤਰ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿੱਚ ‘ਰਿਸਪਾਂਸੀਬਲ ਟੂਰਿਜ਼ਮ’ ਨੂੰ ਸਰਗਰਮੀ ਨਾਲ ਸਮਰਥਨ ਦੇ ਕੇ ਵਾਤਾਵਰਣ ਸਬੰਧੀ ਸੰਵੇਦਨਸ਼ੀਲ ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨਾ ਹੈ | ਰਣਜੀਤ ਸਾਗਰ ਝੀਲ ਦੀ ਸ਼ਾਨਦਾਰ ਸੁੰਦਰਤਾ ਸੈਰ-ਸਪਾਟੇ ਅਤੇ ਈਕੋ-ਰਿਜੋਰਟ, ਐਡਵੈਂਚਰ ਤੇ ਵਾਟਰ ਸਪੋਰਟਸ ਅਤੇ ਹੋਰ ਗਤੀਵਿਧੀਆਂ ਲਈ ਅਪਾਰ ਸੰਭਾਵਨਾਵਾਂ ਰੱਖਦੀ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ |

Related Articles

LEAVE A REPLY

Please enter your comment!
Please enter your name here

Latest Articles