ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਹਾਈਵੇਅ ‘ਤੇ ਸ਼ੁੱਕਰਵਾਰ ਦਿਨ-ਦਿਹਾੜੇ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਚਾਰ ਲੁਟੇਰੇ ਇਕ ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ | ਲੁੱਟ ਤੋਂ ਬਾਅਦ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਰੌਲਾ ਪਾਇਆ, ਜਿਸ ਦੀ ਆਵਾਜ਼ ਸੁਣ ਕੇ ਦਫਤਰ ਦੇ ਬਾਹਰ ਫਲਾਂ ਦੀ ਰੇਹੜੀ ਲਾ ਰਹੇ ਤਿੰਨ ਜਣੇ ਲੁਟੇਰਿਆਂ ਦੇ ਪਿੱਛੇ ਭੱਜੇ | ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜੋ ਪਿੱਛਾ ਕਰ ਰਹੇ 37 ਸਾਲਾਂ ਦੇ ਮੁਹੰਮਦ ਸਾਬਰ ਵਾਸੀ ਗੁਲਾਬਗੜ੍ਹ ਦੇ ਸਿਰ ‘ਚ ਲੱਗੀ | ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ | ਲੁਟੇਰੇ ਦੋ ਮੋਟਰਸਾਈਕਲਾਂ ‘ਤੇ ਵੱਖ-ਵੱਖ ਦਿਸ਼ਾਵਾਂ ਵੱਲ ਫਰਾਰ ਹੋਏ | ਨਕਦੀ ਲੈ ਕੇ ਜਾ ਰਹੇ ਦੋ ਲੁਟੇਰਿਆਂ ਵਿੱਚੋਂ ਇਕ ਨੇ ਦੋ ਫਾਇਰ ਕੀਤੇ, ਜਦਕਿ ਦੂਜੇ ਦੋ ਲੁਟੇਰੇ ਗੋਵਿੰਦਾ ਨਾਂਅ ਦੇ 24 ਸਾਲਾ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋਏ | ਸਾਬਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁਹਾਲੀ ਸਿਵਲ ਹਸਪਤਾਲ ਰੈਫਰ ਕਰਨਾ ਪਿਆ |
ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਦੱਸਿਆ ਕਿ ਲੁਟੇਰੇ ਉਸ ਦੀ ਜਾਣ-ਪਛਾਣ ਵਾਲੇ ਸਨ, ਜੋ ਉਸ ਨਾਲ ਪ੍ਰਾਪਰਟੀ ਦਾ ਸੌਦਾ ਕਰਨ ਦੇ ਬਹਾਨੇ ਦਫਤਰ ਆਏ ਸਨ | ਡੀ ਐੱਸ ਪੀ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਲੁਟੇਰਿਆਂ ਦੇ ਪਿੱਛੇ ਭੇਜੀਆਂ ਗਈਆਂ ਹਨ |





