ਚੰਡੀਗੜ੍ਹ : ਕੋਟਕਪੂਰਾ ਗੋਲੀਬਾਰੀ ਮਾਮਲੇ ‘ਚ ਏ ਡੀ ਜੀ ਪੀ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਸਿਟ ਨੇ ਫਰੀਦਕੋਟ ਦੀ ਅਦਾਲਤ ਵਿੱਚ ਸ਼ੁੱਕਰਵਾਰ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ | ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਨਾਂਅ ਵੀ ਸ਼ਾਮਲ ਦੱਸੇ ਜਾ ਰਹੇ ਹਨ | ਉਨ੍ਹਾਂ ਖ਼ਿਲਾਫ਼ 307, 120 ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ | ਚਲਾਨ ਅਨੁਸਾਰ, ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਸੁਖਬੀਰ ਸਿੰਘ ਬਾਦਲ ਸਾਬਕਾ ਗ੍ਰਹਿ ਮੰਤਰੀ, ਦੋਵੇਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਬੇਅਦਬੀ ਦੀਆਂ ਘਟਨਾਵਾਂ ਦੀ ਲੜੀ ‘ਤੇ ਅਣਗਹਿਲੀ ਨੂੰ ਛੁਪਾਉਣ ਲਈ ਗੈਰ-ਕਾਨੂੰਨੀ ਅਤੇ ਵਾਧੂ ਤਾਕਤ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦੇ ਮਾਸਟਰਮਾਈਾਡ ਹਨ | ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਵੀ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦੇ ਦੋਸ਼ ‘ਚ ਸ਼ਾਮਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਆਈ ਜੀ ਪਰਮ ਰਾਜ ਉਮਰਾਨੰਗਲ (ਸਾਜ਼ਿਸ਼ ਨੂੰ ਅੰਜਾਮ), ਡੀ ਆਈ ਜੀ ਅਮਰ ਸਿੰਘ ਚਾਹਲ (ਸਾਜ਼ਿਸ਼ ਨੂੰ ਅੰਜਾਮ), ਐਸ ਐਸ ਪੀ ਸੁਖਮੰਦਰ ਸਿੰਘ ਮਾਨ (ਸਾਜ਼ਿਸ਼ ਨੂੰ ਅੰਜਾਮ ਦੇਣਾ/ ਤੋੜ-ਮਰੋੜ ਕੇ ਤੱਥਾਂ ਨੂੰ ਛੁਪਾਉਣਾ),ਐਸ ਐਸ ਪੀ ਚਰਨਜੀਤ ਸਿੰਘ (ਸਾਜਿਸ਼ ਨੂੰ ਅੰਜਾਮ), ਐਸ ਐਚ ਓ ਗੁਰਦੀਪ ਸਿੰਘ (ਤੱਥਾਂ ਨੂੰ ਤੋੜ-ਮਰੋੜ ਕੇ ਛੁਪਾਉਣਾ), ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਕੋਟਕਪੁਰਾ ਦੇ ਨਾਂਅ ਸ਼ਾਮਲ ਹਨ | ਇਸ ਚਾਰਜਸ਼ੀਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਕਿ ਇਹ ਸਭ ਕੁਝ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ | ਬੀਤੇ ਸੱਤ ਸਾਲਾਂ ਤੋਂ ਇਨ੍ਹਾਂ ਦਾ ਇੱਕ ਹੀ ਮਕਸਦ ਰਿਹਾ ਹੈ ਕਿ ਬਾਦਲ ਪਰਵਾਰ ਨੂੰ ਨਿਸ਼ਾਨਾ ਬਣਾਇਆ ਜਾਵੇ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਸੀ ਉਹ ਚੰਡੀਗੜ੍ਹ ਨਹੀਂ ਸਨ, ਉਨ੍ਹਾਂ ਨੇ ਚੈਲੰਜ ਕੀਤਾ ਕਿ ਕੋਈ ਵੀ ਇਹ ਸਾਬਤ ਕਰ ਦੇਵੇ ਕਿ ਮੇਰੀ ਇਸ ਮਾਮਲੇ ‘ਚ ਸ਼ਮੂਲੀਅਤ ਸੀ ਮੇਰੀ ਕਿਸੇ ਵੀ ਨਾਲ ਮੋਬਾਇਲ ‘ਤੇ ਗੱਲ ਹੋਈ ਹੋਵੇ ਮੈਂ ਤਾਂ ਪੰਜਾਬ ਤੋਂ ਬਾਹਰ ਸੀ, ਉਨ੍ਹਾਂ ਕਿਹਾ ਕਿ ਝੂਠ ਤਾਂ ਝੂਠ ਹੀ ਹੁੰਦਾ ਹੈ ਸਾਨੂੰ ਕੋਈ ਪਰਵਾਹ ਨਹੀਂ | ਸੁਖਬੀਰ ਬਾਦਲ ਨੇ ਇਸ ਕਾਰਵਾਈ ਨੂੰ ਰਾਜਨੀਤਕ ਦੱਸਿਆ ਹੈ | ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਫਰੀਦਕੋਟ ਨੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਅਤੇ ਕਈ ਮਹੀਨਿਆਂ ਬਾਅਦ ਅੰਗ ਨਜ਼ਦੀਕੀ ਪਿੰਡ ਬਰਗਾੜੀ ਤੋਂ ਬਰਾਮਦ ਹੋਏ ਸਨ | ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਸ ਦੇ ਵੱਲੋਂ ਪਿੰਡ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੋਲੀ ਚਲਾਈ ਗਈ ਸੀ |
ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਦੋ ਪ੍ਰਦਰਸ਼ਨਕਾਰੀ ਕਿ੍ਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ | ਕੋਟਕਪੂਰਾ ਵਿਖੇ ਗੋਲੀ ਦੀ ਘਟਨਾ ਲਈ ਏ ਡੀ ਜੀ ਪੀ ਐੱਲ ਕੇ ਯਾਦਵ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈੈ ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਮੁੱੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ—ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੋਏ ਬੇਨਕਾਬ | ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਕੂਨ ਮਿਲੇਗਾ | ਅਸੀਂ ਇਨਸਾਫ ਦਿਵਾਉਣ ਦੇ ਵਾਅਦੇ ‘ਤੇ ਕਾਇਮ ਹਾਂ | ਮੰਤਰੀ ਜਾਂ ਸੰਤਰੀ ਕਾਨੂੰਨ ਸਭ ਲਈ ਇੱਕ ਹੈ | ਸੱਚ ਕਦੇ ਛੁਪਦਾ ਨਹੀਂ |