31.4 C
Jalandhar
Sunday, November 3, 2024
spot_img

ਤਬਾਹਕੁੰਨ ਦੌਰ

ਰੂਸ-ਯੂਕਰੇਨ ਯੁੱਧ ਸ਼ੁਰੂ ਹੋਇਆਂ ਇੱਕ ਸਾਲ ਬੀਤ ਗਿਆ ਹੈ | ਇਸ ਦਾ ਦੁਨੀਆ ਉੱਤੇ ਕੀ ਅਸਰ ਪਵੇਗਾ, ਇਸ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗੇਗਾ | ਇਸ ਯੁੱਧ ਵਿੱਚ ਕਿੰਨੀ ਤਬਾਹੀ ਹੋਈ, ਇਸ ਦੇ ਕਿਆਫ਼ੇ ਲਗਦੇ ਰਹਿਣਗੇ, ਪਰ ਇਹ ਯੁੱਧ ਇੱਕ ਸੀਮਤ ਖੇਤਰ ਦਾ ਯੁੱਧ ਹੈ | ਇਸ ਸਮੇਂ ਅਸੀਂ ਇੱਕ ਹੋਰ ਯੁੱਧ ਦਾ ਸਾਹਮਣਾ ਕਰ ਰਹੇ ਹਾਂ, ਜਿਹੜਾ ਸਾਰੀ ਦੁਨੀਆ ਨੂੰ ਤਬਾਹੀ ਵੱਲ ਧੱਕੀ ਜਾ ਰਿਹਾ ਹੈ | ਇਸ ਯੁੱਧ ਵਿੱਚ ਵਰਤਿਆ ਜਾ ਰਿਹਾ ਹਥਿਆਰ ਹੈ ਸੋਸ਼ਲ ਮੀਡੀਆ | ਅੱਜ ਸੋਸ਼ਲ ਮੀਡੀਆ ਨੇ ਸਮੁੱਚੀ ਦੁਨੀਆ ਵਿੱਚ ਝੂਠ, ਅਫ਼ਵਾਹਾਂ ਤੇ ਹਿੰਸਾ ਦਾ ਅਜਿਹਾ ਜਾਲ ਫੈਲਾਇਆ ਹੈ, ਜਿਹੜਾ ਸਮਾਜਕ ਭਾਈਚਾਰੇ ਨੂੰ ਤੋੜ ਰਿਹਾ ਹੈ ਤੇ ਲੋਕਤੰਤਰ ਨੂੰ ਖ਼ਤਮ ਕਰ ਰਿਹਾ ਹੈ | ਸ਼ੁਰੂ ਵਿੱਚ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੇ ਲੋਕਾਂ ਨੂੰ ਵਧੀਆ ਜਾਣਕਾਰੀ ਮੁਹੱਈਆ ਕਰਾਉਣ ਦਾ ਝਾਂਸਾ ਦਿੱਤਾ ਸੀ, ਪਰ ਅੱਜ ਇਹ ਪਲੇਟਫਾਰਮ ਦੁਰਪ੍ਰਚਾਰ ਤੇ ਝੂਠ ਪਰੋਸਣ ਦੇ ਸ਼ਕਤੀਸ਼ਾਲੀ ਹਥਿਆਰ ਬਣ ਚੁੱਕੇ ਹਨ, ਜਿਹੜੇ ਇੱਕੋ ਵੇਲੇ ਕਰੋੜਾਂ ਲੋਕਾਂ ਨੂੰ ਅਸਾਨੀ ਨਾਲ ਗੁੰਮਰਾਹ ਕਰ ਸਕਦੇ ਹਨ |
ਪਿੱਛੇ ਜਿਹੇ ‘ਹੀ ਸ਼ੀ ਪ੍ਰਸਿਸਟਡ’ ਨਾਮੀ ਇੱਕ ਸੰਸਥਾ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਸੀ | ਇਹ ਰਿਪੋਰਟ ਭਾਰਤ, ਹੰਗਰੀ, ਬਰਾਜ਼ੀਲ, ਇਟਲੀ ਤੇ ਟਿਊਨੇਸ਼ੀਆ ਵਿੱਚ ਔਰਤਾਂ ਉੱਤੇ ਹਮਲੇ, ਕਿਰਦਾਰਕੁਸ਼ੀ ਤੇ ਧਮਕੀਆਂ ਦੇ ਅਧਿਐਨ ਤੋਂ ਬਾਅਦ ਤਿਆਰ ਕੀਤੀ ਗਈ ਸੀ | ਇਸ ਦਾ ਨਿਚੋੜ ਇਹ ਸੀ ਕਿ ਔਰਤਾਂ ਵਿਰੁੱਧ ਹਿੰਸਾ ਫੈਲਾਅ ਕੇ ਸੋਸ਼ਲ ਮੀਡੀਆ ਪਲੇਟਫਾਰਮ ਮਾਲੋ-ਮਾਲ ਹੋ ਰਹੇ ਹਨ | ਇਹ ਪਲੇਟਫਾਰਮ ਸਿਰਫ਼ ਆਮ ਔਰਤਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਉਂਦੇ ਸਗੋਂ ਤਾਕਤਵਰਾਂ ਦਾ ਵੀ ਸ਼ਿਕਾਰ ਕਰਦੇ ਹਨ | ਹੁਣੇ ਜਿਹੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਦਾ ਆਰਡਰਨ ਤੇ ਸਕਾਟਲੈਂਡ ਦੀ ਮੰਤਰੀ ਨਿਕੋਲਾ ਸਟਰਜਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਇੱਕੋ ਜਿਹਾ ਕਾਰਨ ਬਿਆਨ ਕੀਤਾ ਸੀ | ਉਹ ਦੋਵੇਂ ਹੀ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਵਿਰੁੱਧ ਚਲਾਈ ਗਈ ਹਿੰਸਕ ਮੁਹਿੰਮ ਤੋਂ ਦੁਖੀ ਸਨ ਤੇ ਇਹੋ ਉਨ੍ਹਾਂ ਦੇ ਅਹੁਦਾ ਛੱਡਣ ਦਾ ਮੁੱਖ ਕਾਰਨ ਸੀ |
ਦੁਨੀਆ ਭਰ ਵਿੱਚ ਰਾਜਨੀਤਕ ਚੋਣਾਂ ਦੌਰਾਨ ਸੋਸ਼ਲ ਮੀਡੀਆ ਨਫ਼ਰਤ ਤੇ ਅਫ਼ਵਾਹਾਂ ਫੈਲਾਅ ਕੇ ਆਪਣਾ ਮੁਨਾਫ਼ਾ ਵਧਾਉਂਦਾ ਹੈ | ਪਿਛਲੇ ਸਾਲਾਂ ਦੌਰਾਨ ਦੁਨੀਆ ਭਰ ਵਿੱਚ ਜਿੱਥੇ ਵੀ ਚੋਣਾਂ ਹੋਈਆਂ, ਹਰੇਕ ਥਾਂ ਸੋਸ਼ਲ ਮੀਡੀਆ ਨੇ ਦੱਖਣਪੰਥੀ ਸਿਆਸੀ ਪਾਰਟੀਆਂ ਦੇ ਹੱਕ ਵਿੱਚ ਝੂਠ, ਨਫ਼ਰਤੀ ਅਫ਼ਵਾਹਾਂ ਤੇ ਹਿੰਸਾ ਭੜਕਾਉਣ ਦਾ ਕੰਮ ਕੀਤਾ ਸੀ |
ਅਮਰੀਕਾ ਤੇ ਬਰਾਜ਼ੀਲ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਅਸੀਂ ਦੇਖ ਚੁੱਕੇ ਹਾਂ | ਦੁਨੀਆ ਭਰ ਵਿੱਚ ਲੋਕਤੰਤਰ ਨੂੰ ਖ਼ਤਮ ਕਰਨਾ ਸੋਸ਼ਲ ਮੀਡੀਆ ਦਾ ਨਿਸ਼ਾਨਾ ਬਣ ਚੁੱਕਾ ਹੈ | ਇੱਕ ਸਮਾਂ ਸੀ ਜਦੋਂ ਤਾਨਾਸ਼ਾਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਲਈ ਪੈਰ ਲਾਉਣੇ ਵੀ ਔਖੇ ਸਨ, ਪਰ ਸੋਸ਼ਲ ਮੀਡੀਆ ਨੇ ਇਹ ਕੰਮ ਅਸਾਨ ਕਰ ਦਿੱਤਾ ਹੈ | ਸੋਸ਼ਲ ਮੀਡੀਆ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਪਲੇਟਫਾਰਮਾਂ ਨੂੰ ਅਜਿਹੇ ਫੀਚਰਜ਼ ਨਾਲ ਲੈਸ ਕੀਤਾ ਹੈ, ਜਿਸ ਨਾਲ ਅਫ਼ਵਾਹਾਂ ਤੇ ਝੂਠ ਫੈਲਾਉਣ ਵਿੱਚ ਸੌਖ ਰਹੇ |
ਚੋਣਾਂ ਵਿੱਚ ਦਖ਼ਲਅੰਦਾਜ਼ੀ ਲਈ ਇਹ ਕੰਪਨੀਆਂ ਨਵੇਂ-ਨਵੇਂ ਤਰੀਕੇ ਅਪਣਾ ਰਹੀਆਂ ਹਨ | ਆਉਣ ਵਾਲਾ ਸਮਾਂ ਲੋਕਤੰਤਰੀ ਵਿਵਸਥਾ ਲਈ ਕਾਫ਼ੀ ਮੁਸ਼ਕਲਾਂ ਭਰਿਆ ਹੋਣ ਵਾਲਾ ਹੈ | ਸੰਨ 2023 ਤੇ 2024 ਵਿੱਚ 90 ਦੇਸ਼ਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ | ਸਪੱਸ਼ਟ ਹੈ ਕਿ ਇਨ੍ਹਾਂ ਚੋਣਾਂ ਵਿੱਚ ਸੋਸ਼ਲ ਮੀਡੀਆ ਤਾਨਾਸ਼ਾਹੀ ਤੇ ਕੱਟੜਪੰਥੀਆਂ ਦੀ ਹਿੰਸਕ ਰਾਜਨੀਤੀ ਦਾ ਔਜ਼ਾਰ ਬਣੇਗਾ | ਦੁਨੀਆ ਵਿੱਚ ਹਿੰਸਾ ਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਸੋਸ਼ਲ ਮੀਡੀਆ ਸਵਰਗ ਤੋਂ ਘੱਟ ਨਹੀਂ | ਅਜਿਹੇ ਲੋਕਾਂ ਦੇ ਅਨੇਕਾਂ ਗਰੁੱਪ ਹਨ, ਜਿਹੜੇ ਲਗਾਤਾਰ ਜ਼ਹਿਰ ਉਗਲਦੇ ਰਹਿੰਦੇ ਹਨ |
ਟੋਨੀ ਬਲੇਅਰ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਤਾਨਾਸ਼ਾਹੀ ਹਾਕਮਾਂ ਨੂੰ ਹਰਾਉਣਾ ਮੁਸ਼ਕਲ ਹੋ ਚੁੱਕਾ ਹੈ, ਕਿਉਂਕਿ ਦੂਜੇ ਲੋਕਤੰਤਰੀ ਦਲਾਂ ਦੇ ਆਗੂ ਓਨਾ ਝੂਠ ਨਹੀਂ ਬੋਲ ਸਕਦੇ ਜਿੰਨਾ ਤਾਨਾਸ਼ਾਹੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਆਗੂ ਬੋਲਦੇ ਹਨ | ਸੋਸ਼ਲ ਮੀਡੀਆ ‘ਤੇ ਸੱਚ ਨਹੀਂ ਝੂਠ ਤੇ ਹਿੰਸਾ ਦਾ ਬੋਲਬਾਲਾ ਹੈ | ਤਾਨਾਸ਼ਾਹੀ ਪਾਖੰਡੀਆਂ ਦਾ ਮੁਕਾਬਲਾ ਇੱਕ ਸਪੱਸ਼ਟ ਏਜੰਡਾ ਤੈਅ ਕਰਕੇ ਜਨਤਾ ਵਿੱਚ ਜਾ ਕੇ ਹੀ ਕੀਤਾ ਜਾ ਸਕਦਾ ਹੈ |
ਅੱਜ ਸੋਸ਼ਲ ਮੀਡੀਆ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦਾ ਸ਼ਕਤੀਸ਼ਾਲੀ ਜ਼ਰੀਆ ਬਣ ਚੁੱਕਾ ਹੈ | ਇਸ ਦੇ ਨਾਲ ਹੀ ਉਹ ਲੋਕਾਂ ਨੂੰ ਗੁੰਮਰਾਹ, ਪ੍ਰਭਾਵਤ ਤੇ ਸੰਮੋਹਿਤ ਕਰਨ ਦਾ ਇੱਕ ਵਿਨਾਸ਼ਕਾਰੀ ਹਥਿਆਰ ਵੀ ਬਣ ਚੁੱਕਾ ਹੈ | ਹਾਲਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਸਹੀ ਜਾਣਕਾਰੀਆਂ ਉੱਤੇ ਲੋਕਾਂ ਨੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ | ਦੁਨੀਆ ਭਰ ਦੀਆਂ ਉਨ੍ਹਾਂ ਸ਼ਕਤੀਆਂ, ਜਿਨ੍ਹਾਂ ਦੀ ਹੋਂਦ ਹੀ ਦੁਰਪ੍ਰਚਾਰ ਤੇ ਅਫ਼ਵਾਹਾਂ ਉੱਤੇ ਟਿਕੀ ਹੋਈ ਹੈ, ਲਈ ਸੋਸ਼ਲ ਮੀਡੀਆ ਅਨਮੋਲ ਸ਼ਕਤੀ ਹੈ | ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਅਭਾਸ ਹੋ ਗਿਆ ਸੀ ਕਿ ਹੁਣ ਉਨ੍ਹਾਂ ਦਾ ਸਮਾਂ ਆਉਣ ਵਾਲਾ ਹੈ | ਪਿਛਲੇ ਕੁਝ ਸਾਲਾਂ ਦੌਰਾਨ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤਾਨਾਸ਼ਾਹੀ ਸਰਕਾਰਾਂ ਦਾ ਬਣ ਜਾਣਾ ਕੋਈ ਇਤਫਾਕ ਨਹੀਂ, ਸੋਸ਼ਲ ਮੀਡੀਆ ਦੀ ਤਾਕਤ ਦਾ ਸਿੱਟਾ ਹੈ | ਦੁਨੀਆ ਦੀ ਇਹ ਸਥਿਤੀ ਹੋਰ ਕਿੰਨਾ ਚਿਰ ਬਣੀ ਰਹੇਗੀ, ਇਸ ਬਾਰੇ ਹਾਲੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਲੋਕਤੰਤਰ ਲਈ ਇਹ ਦੌਰ ਬੇਹੱਦ ਬੁਰਾ ਰਹਿਣ ਵਾਲਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles