ਨਵੀਂ ਦਿੱਲੀ : ਜਰਮਨੀ ਦੇ ਚਾਂਸਲਰ ਓਲਾਫ ਸਕੋਲਜ ਭਾਰਤ ਦੇ ਦੋ ਦਿਨਾ ਦੌਰੇ ‘ਤੇ ਸ਼ਨੀਵਾਰ ਨਵੀਂ ਦਿੱਲੀ ਪਹੁੰਚੇ | ਸਕੋਲਜ ਦੇ ਨਾਲ ਸੀਨੀਅਰ ਅਧਿਕਾਰੀ ਅਤੇ ਇੱਕ ਉੱਚ ਪੱਧਰੀ ਵਪਾਰਕ ਵਫਦ ਵੀ ਹੈ | ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ 2011 ਵਿੱਚ ਦੋਵਾਂ ਦੇਸ਼ਾਂ ਦਰਮਿਆਨ ਅੰਤਰ-ਸਰਕਾਰੀ ਸਲਾਹ-ਮਸ਼ਵਰੇ (ਆਈ ਜੀ ਸੀ) ਵਿਧੀ ਦੀ ਸ਼ੁਰੂਆਤ ਤੋਂ ਬਾਅਦ ਇਹ ਕਿਸੇ ਜਰਮਨ ਚਾਂਸਲਰ ਦੀ ਪਹਿਲੀ ਭਾਰਤ ਯਾਤਰਾ ਯਾਤਰਾ ਹੈ | ਸਕੋਲਜ ਦਾ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਚਾਂਸਲਰ ਨੇ ਕਿਹਾ—ਜਰਮਨੀ ਅਤੇ ਭਾਰਤ ਵਿਚਕਾਰ ਪਹਿਲਾਂ ਹੀ ਚੰਗੇ ਸੰਬੰਧ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਾਂਗੇ | ਮੈਂ ਉਮੀਦ ਕਰਦਾ ਹਾਂ ਕਿ ਅਸੀਂ ਆਪਣੇ ਦੇਸ਼ਾਂ ਦੇ ਵਿਕਾਸ ਅਤੇ ਵਿਸ਼ਵ ‘ਚ ਸ਼ਾਂਤੀ ਨਾਲ ਸੰਬੰਧਤ ਸਾਰੇ ਵਿਸ਼ਿਆਂ ‘ਤੇ ਚਰਚਾ ਕਰਾਂਗੇ | ਉਹ 26 ਫਰਵਰੀ ਨੂੰ ਬੈਂਗਲੁਰੂ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੇ ਟਵੀਟ ‘ਚ ਕਿਹਾ ਕਿ ਚਾਂਸਲਰ ਸਕੋਲਜ ਦਾ ਦੌਰਾ ਬਹੁ-ਪੱਖੀ ਭਾਰਤ-ਜਰਮਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ | ਇਸ ਤੋਂ ਪਹਿਲਾਂ ਹੈਦਰਾਬਾਦ ਹਾਊਸ ‘ਚ ਦੋਹਾਂ ਨੇਤਾਵਾਂ ਨੇ ਤਕਨਾਲੋਜੀ, ਸਵੱਛ ਊਰਜਾ, ਵਪਾਰ ਅਤੇ ਨਿਵੇਸ਼ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਸਮੁੱਚੇ ਦੁਵੱਲੇ ਸੰਬੰਧਾਂ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ ਹੈ |