ਮੁੰਬਈ : ਮਹਾਰਾਸ਼ਟਰ ‘ਚ ਇਸ ਵਾਰ ਵੀ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ | ਜਿੱਥੇ ਇੱਕ ਪਾਸੇ ਕਪਾਹ ਅਤੇ ਸੋਇਆਬੀਨ ਦੀਆਂ ਕੀਮਤਾਂ ਡਿੱਗਣ ਕਾਰਨ ਕਿਸਾਨ ਪਹਿਲਾਂ ਹੀ ਸੰਕਟ ‘ਚ ਹਨ, ਉਥੇ ਹੀ ਹੁਣ ਇੱਕ ਵਾਰ ਫਿਰ ਪਿਆਜ਼ ਦਾ ਵੀ ਹੁਣ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ | ਫਿਲਹਾਲ ਪ੍ਰਦੇਸ਼ ਦੀਆਂ ਜ਼ਿਆਦਾਤਰ ਮੰਡੀਆਂ ‘ਚ ਕਿਸਾਨਾਂ ਨੂੰ ਪਿਆਜ਼ ਦਾ ਭਾਅ ਬੇਹੱਦ ਘੱਟ ਮਿਲ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਇੱਕ ਸਾਲ ਤੋਂ ਸਾਨੂੰ ਪਿਆਜ਼ ਦਾ ਸਹੀ ਭਾਅ ਨਹੀਂ ਮਿਲ ਰਿਹਾ | ਨਾਸਿਕ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ ਪਿਆਜ਼ ਦੀ ਖੇਤੀ ਹੁੰਦੀ ਹੈ ਅਤੇ ਦੇਸ਼ ‘ਚ ਸਭ ਤੋਂ ਜ਼ਿਆਦਾ ਪਿਆਜ਼ ਦੀ ਸਪਲਾਈ ਇੱਥੇ ਹੀ ਕੀਤੀ ਜਾਂਦੀ ਹੈ | ਇੱਥੋਂ ਦੇ ਕਿਸਾਨਾਂ ਨੂੰ ਹੀ ਇਸ ਪਿਆਜ਼ ਦਾ ਸਹੀ ਭਾਅ ਨਹੀਂ ਮਿਲ ਰਿਹਾ | ਉਨ੍ਹਾਂ ਅਨੁਸਾਰ ਹੁਣ ਤਾਂ ਉਨ੍ਹਾਂ ਨੂੰ ਲਾਗਤ ਵੀ ਕੱਢਣੀ ਮੁਸ਼ਕਲ ਹੋ ਰਹੀ ਹੈ | ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਮਾਮਲੇ ‘ਤੇ ਕੁਝ ਕਰੇ, ਇਸ ‘ਚ ਤਾਂ ਉਹ ਆਪਣੇ ਬੱਚਿਆਂ ਦੀ ਸਕੂਲ ਫੀਸ ਵੀ ਨਹੀਂ ਦੇਣ ਸਕਣਗੇ | ਕਿਸਾਨਾਂ ਦਾ ਕਹਿਣਾ ਹੈ ਕਿ ਕਿਤੇ 1 ਤਾਂ ਕਿਤੇ 2 ਰੁਪਏ ਕਿਲੋ ਦੀ ਕੀਮਤ ‘ਤੇ ਪਿਆਜ਼ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਜੋ ਲਾਗਤ ਤੋਂ ਬਹੁਤ ਹੀ ਘੱਟ ਹੈ | ਪਿਆਜ਼ ਉਤਪਾਦਕ ਸੰਗਠਨ ਅਨੁਸਾਰ ਉਨ੍ਹਾਂ ਦੀ ਲਾਗਤ ਔਸਤਨ 20 ਰੁਪਏ ਕਿਲੋ ਤੱਕ ਪਹੁੰਚ ਗਈ ਹੈ | ਵਪਾਰੀਆਂ ਦਾ ਕਹਿਣਾ ਹੈ ਕਿ ਵਰਤਮਾਨ ‘ਚ ਪਿਆਜ਼ ਦੇ ਉਤਪਾਦਨ ‘ਚ ਕਾਫ਼ੀ ਵਾਧਾ ਹੋਇਆ ਹੈ | ਉਥੇ ਹੀ ਨਾਸਿਕ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦੀ ਵੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ | ਅਸਲ ‘ਚ ਸੂਬੇ ‘ਚ ਪਿਆਜ਼ ਦੀਆਂ ਘੱਟ ਮਿਲਦੀਆਂ ਕੀਮਤਾਂ ਦੇ ਚਲਦੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ |