ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਨਕਸਲੀਆਂ ਨਾਲ ਮੁਕਾਬਲੇ ‘ਚ ਤਿੰਨ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ | ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਨਕਸਲੀਆਂ ਨਾਲ ਮੁਕਾਬਲੇ ‘ਚ ਸਹਾਇਕ ਸਬ-ਇੰਸਪੈਕਟਰ (ਏ ਐੱਸ ਆਈ) ਸਮੇਤ ਤਿੰਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀ ਆਰ ਜੀ) ਦੇ ਜਵਾਨ ਮਾਰੇ ਗਏ | ਇਹ ਝੜਪ ਸਵੇਰੇ 9 ਵਜੇ ਦੇ ਕਰੀਬ ਜਗਰਗੁੰਡਾ ਅਤੇ ਕੁੰਡੇਡ ਪਿੰਡਾਂ ਵਿਚਕਾਰ ਹੋਈ, ਜਦੋਂ ਡੀ ਆਰ ਜੀ ਟੀਮ ਤਲਾਸ਼ੀ ਮੁਹਿੰਮ ‘ਤੇ ਸੀ | ਟੀਮ ਨੇ ਰਾਜਧਾਨੀ ਰਾਏਪੁਰ ਤੋਂ 400 ਕਿਲੋਮੀਟਰ ਦੂਰ ਸਥਿਤ ਜਗਰਗੁੰਡਾ ਪੁਲਸ ਸਟੇਸ਼ਨ ਦੀ ਸੀਮਾ ਤੋਂ ਮੁਹਿੰਮ ਚਲਾਈ ਸੀ | ਗੋਲੀਬਾਰੀ ਵਿੱਚ ਏ ਐੱਸ ਆਈ ਰਾਮੂਰਾਮ ਨਾਗ, ਸਹਾਇਕ ਕਾਂਸਟੇਬਲ ਕੁੰਜਮ ਜੋਗਾ ਅਤੇ ਸੈਨਿਕ ਵੰਜਮ ਭੀਮਾ ਮਾਰੇ ਗਏ |