ਭੂਪਾਲ : ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ‘ਚ 24 ਫਰਵਰੀ ਦੀ ਰਾਤ ਨੂੰ ਇੱਕ ਟਰੱਕ ਨੇ ਤਿੰਨ ਬੱਸਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ | ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਨੇਤਾਵਾਂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ | ਮੁੱਖ ਮੰਤਰੀ ਰਾਤ ਨੂੰ ਹੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ | ਉਨ੍ਹਾ ਮਿ੍ਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ | ਉਹਨਾ ਕਿਹਾ ਕਿ ਜੇਕਰ ਮਿ੍ਤਕ ਦਾ ਕੋਈ ਰਿਸ਼ਤੇਦਾਰ ਸਰਕਾਰੀ ਨੌਕਰੀ ਲਈ ਯੋਗ ਹੈ ਤਾਂ ਉਸ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ | ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਮਿ੍ਤਕਾਂ ਦੇ ਵਾਰਸਾਂ ਨੂੰ 50 ਲੱਖ ਰੁਪਏ ਅਤੇ ਜ਼ਖਮੀਆਂ ਨੂੰ 5 ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ | ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਰਾਤ ਕਰੀਬ 9.15 ਵਜੇ ਤਿੰਨ ਬੱਸਾਂ ਮੋਹਨੀਆ ਟਨਲ ਕੋਲ ਪੁੱਜੀਆਂ ਅਤੇ ਤੇਜ਼ ਰਫਤਾਰ ਟਰੱਕ ਨਾਲ ਟਕਰਾ ਗਈਆਂ | ਟੱਕਰ ਕਾਰਨ ਦੋ ਬੱਸਾਂ ਖੱਡ ‘ਚ ਡਿੱਗ ਗਈਆਂ ਅਤੇ ਇੱਕ ਬੱਸ ਉਸੇ ਸੜਕ ‘ਤੇ ਪਲਟ ਗਈ | ਇਸ ਦੌਰਾਨ ਤੇਜ਼ ਰਫਤਾਰ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਬੇਕਾਬੂ ਹੋ ਕੇ ਬੱਸਾਂ ਨਾਲ ਟਕਰਾ ਗਿਆ | ਇਹ ਤਿੰਨੋਂ ਬੱਸਾਂ ਸਤਨਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ | ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵੀਟ ਕੀਤਾ—ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਮਾਗਮ ਤੋਂ ਵਾਪਸ ਪਰਤ ਰਹੀਆਂ ਬੱਸਾਂ ਦੀ ਟੱਕਰ ਕਾਰਨ 13 ਲੋਕਾਂ ਦੀ ਮੌਤ ਦੀ ਦੁਖਦਾਈ ਖਬਰ ਹੈ | 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਕਿਉਂਕਿ ਪ੍ਰੋਗਰਾਮ ਸਰਕਾਰੀ ਸੀ, ਇਸ ਲਈ ਮੁੱਖ ਮੰਤਰੀ ਨੂੰ ਇਸ ਹਾਦਸੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ |