ਰਾਇਪੁਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੇ 85ਵੇਂ ਪਲੈਨਰੀ ਅਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੁਨ੍ਹਾ ‘ਭਾਰਤ ਜੋੜੋ’ ਯਾਤਰਾ ਦੌਰਾਨ ਬਹੁਤ ਕੁਝ ਸਿੱਖਿਆ | ਉਨ੍ਹਾ ਕਿਹਾ ਕਿ ‘ਭਾਰਤ ਜੋੜੋ’ ਯਾਤਰਾ ਚਾਰ ਮਹੀਨਿਆਂ ਦੀ ਤਪੱਸਿਆ ਹੈ, ਜਿਸ ਨੇ ਪਾਰਟੀ ਵਰਕਰਾਂ ‘ਚ ਮੁੜ ਰੂਹ ਫੂਕੀ | ਉਨ੍ਹਾ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਇਹ ਤਪੱਸਿਆ ਜਾਰੀ ਰਹਿਣੀ ਚਾਹੀਦੀ ਹੈ | ਰਾਹੁਲ ਨੇ ਕਿਹਾ ਕਿ ਯਾਤਰਾ ਦੌਰਾਨ ਉਨ੍ਹਾ ਮਹਿਲਾਵਾਂ ਦੀ ਪੀੜ ਨੂੰ ਮਹਿਸੂਸ ਕੀਤਾ | ਯਾਤਰਾ ਦੌਰਾਨ ਹੀ ਉਨ੍ਹਾ ਕਸ਼ਮੀਰ ਦੇ ਨੌਜਵਾਨਾਂ ਹੱਥ ਤਿਰੰਗਾ ਝੰਡਾ ਫੜਾਇਆ, ਜੋ ਭਾਜਪਾ ਨੇ ਖੋਹ ਲਿਆ ਸੀ | ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੀ ਭਾਵਨਾ ਨੂੰ ਨਹੀਂ ਸਮਝ ਸਕੇ | ਰਾਹੁਲ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਚੀਨ ਬਾਰੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੰਤਰੀ ਵੱਲੋਂ ਇਹ ਕਹਿਣਾ ਕਿ ‘ਚੀਨ ਦਾ ਅਰਥਚਾਰਾ ਸਾਡੇ ਨਾਲੋਂ ਵੱਡਾ ਹੈ, ਅਸੀਂ ਉਨ੍ਹਾਂ ਨਾਲ ਕਿਵੇਂ ਲੜਾਂਗੇ’ ਰਾਸ਼ਟਰਵਾਦ ਨਹੀਂ, ਬਲਕਿ ਬੁਜ਼ਦਿਲੀ ਹੈ |
ਰਾਹੁਲ ਨੇ ਪੱੁਛਿਆ ਕਿ ਜਦੋਂ ਸਾਡਾ ਦੇਸ਼ ਗੋਰਿਆਂ ਨਾਲ ਲੜਿਆ ਸੀ ਤਾਂ ਉਦੋਂ ਸਾਡਾ ਅਰਥਚਾਰਾ ਬਹੁਤ ਵੱਡਾ ਹੁੰਦਾ ਸੀ? ਇਹ ਸਾਵਰਕਰ ਵਾਲੀ ਵਿਚਾਰਧਾਰਾ ਹੈ | ਜੇ ਕੋਈ ਤਕੜਾ ਹੈ ਤਾਂ ਉਸ ਦੇ ਅੱਗੇ ਝੁਕ ਜਾਓ | ਸੋ ਤੁਸੀਂ ਉਨ੍ਹਾਂ ਨਾਲ ਹੀ ਲੜੋਗੇ, ਜਿਹੜੇ ਤੁਹਾਡੇ ਨਾਲੋਂ ਕਮਜ਼ੋਰ ਹੋਣਗੇ? ਇਹ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ | ਅਸੀਂ ਸਤਿਆਗ੍ਰਹੀ ਕਹਿੰਦੇ ਹਾਂ, ਪਰ ਉਹ ਸੱਤਾਗ੍ਰਹੀ ਹਨ |
ਰਾਹੁਲ ਨੇ ਕਿਹਾ—ਮੈਂ ਸੰਸਦ ਵਿੱਚ ਗੌਤਮ ਅਡਾਨੀ ਦੀ ਨੁਕਤਾਚੀਨੀ ਕੀਤੀ ਸੀ ਤੇ ਸਵਾਲ ਪੁੱਛਿਆ ਸੀ ਕਿ ਉਸ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਕੀ ਰਿਸ਼ਤਾ ਹੈ | ਸਵਾਲ ਪੁੱਛਣ ਦੀ ਦੇਰ ਸੀ ਕਿ ਸਰਕਾਰ ਤੇ ਉਸ ਦੇ ਮੰਤਰੀ ਕਾਰੋਬਾਰੀ ਦੇ ਬਚਾਅ ‘ਚ ਨਿੱਤਰ ਆਏ | ਉਨ੍ਹਾ ਕਿਹਾ ਕਿ ਸੰਸਦ ‘ਚ ਅਡਾਨੀ ਬਾਰੇ ਸਵਾਲ ਨਹੀਂ ਪੁੱਛ ਸਕਦੇ | ਰਾਹੁਲ ਨੇ ਕਿਹਾ ਕਿ ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ, ਉਹ ਸਵਾਲ ਪੁੱਛਣੇ ਜਾਰੀ ਰੱਖਣਗੇ |