ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਦਹਿਸ਼ਤਗਰਦਾਂ ਨੇ ਐਤਵਾਰ ਕਸ਼ਮੀਰੀ ਪੰਡਤ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਸੰਜੈ ਸ਼ਰਮਾ (40) ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਅਚਾਨ ਇਲਾਕੇ ਦਾ ਵਸਨੀਕ ਸੀ ਤੇ ਬੈਂਕ ‘ਚ ਗਾਰਡ ਵਜੋਂ ਕੰਮ ਕਰਦਾ ਸੀ | ਕਸ਼ਮੀਰ ਜ਼ੋਨ ਪੁਲਸ ਨੇ ਟਵਿੱਟਰ ‘ਤੇ ਲਿਖਿਆ ਕਿ ਸੰਜੈ ਸ਼ਰਮਾ ਪੁੱਤਰ ਕਾਸ਼ੀਨਾਥ ਸ਼ਰਮਾ ਪਤਨੀ ਨਾਲ ਸਥਾਨਕ ਮਾਰਕੀਟ ਜਾ ਰਿਹਾ ਸੀ, ਜਦੋਂ ਸਵੇਰੇ 11 ਵਜੇ ਦੇ ਕਰੀਬ ਦਹਿਸ਼ਤਗਰਦਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ | ਪੀੜਤ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ | ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਕੇ ਹਮਲਾਵਰਾਂ ਦੀ ਭਾਲ ਆਰੰਭ ਕਰ ਦਿੱਤੀ ਸੀ | ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਕਸ਼ਮੀਰ ਫਰੀਡਮ ਫਾਈਟਰਜ਼ ਨਾਂਅ ਦੀ ਜਥੇਬੰਦੀ ਨੇ ਕਿਹਾ ਕਿ ਕਈ ਵਾਰ ਚਿਤਾਵਨੀ ਦੇ ਚੁੱਕੇ ਹਾਂ ਕਿ ਭਾਰਤ ਦੇ ਹਰ ਕਸ਼ਮੀਰੀ ਪੰਡਤ, ਹਿੰਦੂ ਤੇ ਸੈਲਾਨੀ ਨੂੰ ਖਤਮ ਕਰ ਦਿੱਤਾ ਜਾਵੇਗਾ | ਧਾਰਾ 370 ਦੇ ਖਾਤਮੇ ਤੋਂ ਬਾਅਦ ਇਹ ਲੋਕ ਸਿਰਫ ਭਾਰਤੀ ਕਬਜ਼ਾਧਾਰੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ | ਇਨ੍ਹਾਂ ਰਾਹੀਂ ਭਾਰਤ ਸਰਕਾਰ ਇਥੇ ਕਬਜ਼ਾ ਕਰਨ ਦੇ ਏਜੰਡੇ ਨੂੰ ਪੂਰਾ ਕਰਨਾ ਚਾਹੁੰਦੀ ਹੈ | ਆਪਣੀ ਵਾਰੀ ਲਈ ਤਿਆਰ ਰਹਿਣਾ | ਅਸੀਂ ਵਾਅਦਾ ਕਰਦੇ ਹਾਂ ਕਿ ਸ਼ਹੀਦ ਭਰਾਵਾਂ ਦੇ ਸਰੀਰ ਤੋਂ ਡਿੱਗੇ ਖੂਨ ਦੇ ਹਰ ਕਤਰੇ ਦਾ ਬਦਲਾ ਲਵਾਂਗੇ | ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਬਜ਼ਾ ਜਮਾਉਣ ਵਾਲਿਆਂ ਦੇ ਨਾਪਾਕ ਮਨਸੂਬਿਆਂ ਤੋਂ ਚੌਕਸ ਰਹਿਣ | ਬਾਹਰ ਦੇ ਕਿਸੇ ਇਨਸਾਨ ਨੂੰ ਇਥੇ ਪਨਾਹ ਨਾ ਦੇਣ | ਆਉਣ ਵਾਲੇ ਦਿਨਾਂ ਵਿਚ ਅਸੀਂ ਅਜਿਹੇ ਹੋਰ ਹਮਲੇ ਕਰਕੇ ਸਭ ਨੂੰ ਹੈਰਾਨ ਕਰਾਂਗੇ | ਇਸ ਜਥੇਬੰਦੀ ਨੇ ਅਕਤੂਬਰ 2022 ਵਿਚ ਸ਼ੋਪੀਆਂ ਦੇ ਚੌਧਰੀਗੁੰਡ ਪਿੰਡ ਵਿਚ ਕਸ਼ਮੀਰੀ ਪੰਡਤ ਪੋਰਨ ਕਿ੍ਸ਼ਨਨ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਲਈ ਸੀ | ਪੀ ਡੀ ਪੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਿਰਫ ਭਾਜਪਾ ਨੂੰ ਫਾਇਦਾ ਹੁੰਦਾ ਹੈ, ਚਾਹੇ ਇਹ ਹਰਿਆਣਾ ਵਿਚ ਹੋਣ ਜਾਂ ਕਸ਼ਮੀਰ ਵਿਚ | ਭਾਜਪਾ ਘੱਟ ਗਿਣਤੀਆਂ ਦੀ ਜ਼ਿੰਦਗੀ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ | ਇਹ ਲੋਕ ਵਾਦੀ ਵਿਚ ਹਾਲਤ ਨਾਰਮਲ ਹੋਣ ਦਾ ਦਾਅਵਾ ਕਰਨ ਲਈ ਘੱਟ ਗਿਣਤੀਆਂ ਨੂੰ ਵਰਤਦੇ ਹਨ | ਭਾਜਪਾ ਮੁਸਲਮਾਨਾਂ ਦਾ ਅਕਸ ਖਰਾਬ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਵਰਤਦੀ ਹੈ | ਮੈਂ ਇਸ ਦੀ ਨਿੰਦਾ ਕਰਦੀ ਹਾਂ | ਇਹ ਕਸ਼ਮੀਰੀ ਲੋਕਾਂ ਦਾ ਵਰਤਾਅ ਨਹੀਂ ਹੈ | ਅਜਿਹੀਆਂ ਘਟਨਾਵਾਂ ਸਰਕਾਰ ਦੀ ਨਾਕਾਮੀ ਜ਼ਾਹਰ ਕਰਦੀਆਂ ਹਨ | ਡੈਮੋਕਰੇਟਿਕ ਪ੍ਰੈਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਚੁਣ ਕੇ ਮਾਰਨਾ ਗੰਭੀਰ ਚਿੰਤਾ ਦਾ ਮਾਮਲਾ ਹੈ | ਮਰਨ ਵਾਲਾ ਜੰਮੂ ਦਾ ਹੋਵੇ ਜਾਂ ਕਸ਼ਮੀਰ ਦਾ, ਮੁਸਲਮ ਹੋਵੇ, ਕਸ਼ਮੀਰੀ ਪੰਡਤ ਹੋਵੇ ਜਾਂ ਸਿੱਖ, ਉਹ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਨ | ਉਨ੍ਹਾ ਕਿਹਾ ਕਿ ਪਿਛਲੇ 30 ਸਾਲਾਂ ਵਿਚ ਇਸ ਤਰ੍ਹਾਂ ਦੇ ਕੇਸ ਵਿਚ ਕਈ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ, ਪਰ ਪਿਛਲੇ ਦੋ ਸਾਲ ਤੋਂ ਕੋਈ ਗਿ੍ਫਤਾਰੀ ਨਹੀਂ ਹੋਈ | 2022 ਵਿਚ ਦਹਿਸ਼ਤਗਰਦਾਂ ਨੇ ਕਸ਼ਮੀਰ ਕਸ਼ਮੀਰੀ ਪੰਡਤਾਂ ਤੇ ਪ੍ਰਵਾਸੀ ਮਜ਼ਦੂਰਾਂ ‘ਤੇ 29 ਹਮਲੇ ਕੀਤੇ, ਜਿਨ੍ਹਾਂ ਵਿਚ ਤਿੰਨ ਪੰਚ-ਸਰਪੰਚ, ਤਿੰਨ ਕਸ਼ਮੀਰੀ ਪੰਡਤ, ਇਕ ਸਥਾਨਕ ਗਾਇਕਾ, ਰਾਜਸਥਾਨ ਦੇ ਇਕ ਬੈਂਕ ਮੈਨੇਜਰ, ਜੰਮੂ ਦੀ ਟੀਚਰ, ਇਕ ਸੇਲਜ਼ਮੈਨ ਤੇ 8 ਪ੍ਰਵਾਸੀ ਮਜ਼ਦੂਰ ਮਾਰੇ ਗਏ |