ਕੋਲਕਾਤਾ : ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ‘ਚ ਦੇਸ਼ ਦੇ ਕਈ ਸੂਬੇ ਅੱਗ ਨਾਲ ਸੁਲਗ ਰਹੇ ਹਨ | ਦਿੱਲੀ, ਯੂ ਪੀ, ਝਾਰਖੰਡ ਦੇ ਨਾਲ ਪੱਛਮੀ ਬੰਗਾਲ ‘ਚ ਹਿੰਸਾ ਹੋਈ | ਪੱਛਮ ਬੰਗਾਲ ‘ਚ ਦੂਜੇ ਦਿਨ ਇਸ ਵਿਵਾਦ ਨੇ ਤੂਲ ਫੜਿਆ ਹੋਇਆ ਹੈ | ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਨ੍ਹਾਂ ਹਿੰਸਕ ਘਟਨਾਵਾਂ ਨੂੰ ਲੈ ਕੇ ਚੁੱਪੀ ਤੋੜੀ ਹੈ | ਇਨ੍ਹਾਂ ਹਿੰਸਕ ਘਟਨਾਵਾਂ ਲਈ ਮੁੱਖ ਮੰਤਰੀ ਨੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ |
ਭੜਕਾਊ ਭਾਸ਼ਣਾਂ ਦੀ ਅੱਗ ‘ਚ ਦੇਸ਼ ਦੇ ਕਈ ਸ਼ਹਿਰ ਸੜ ਰਹੇ ਹਨ | ਇਸ ਦਾ ਵੱਡਾ ਅਸਰ ਪੱਛਮੀ ਬੰਗਾਲ ‘ਚ ਵੀ ਦਿਖਾਈ ਦੇ ਰਿਹਾ ਹੈ | ਸ਼ਨੀਵਾਰ ਨੂੰ ਹਾਵੜਾ ‘ਚ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ | ਭੀੜ ਨੂੰ ਕਾਬੂ ਕਰਨ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ | ਮਮਤਾ ਨੇ ਟਵੀਟ ਜ਼ਰੀਏ ਭਾਜਪਾ ‘ਤੇ ਦੋਸ਼ ਲਾਏ | ਉਨ੍ਹਾ ਲਿਖਿਆ ਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਹਾਵੜਾ ‘ਚ ਪਿਛਲੇ ਦੋ ਦਿਨਾਂ ਤੋਂ ਹਿੰਸਕ ਘਟਨਾਵਾਂ ਹੋ ਰਹੀਆਂ ਹਨ, ਇਸ ਪਿੱਛੇ ਕੁਝ ਸਿਆਸੀ ਦਲ ਹਨ ਅਤੇ ਉਹ ਦੰਗੇ ਕਰਾਉਣਾ ਚਾਹੁੰਦੇ ਹਨ, ਪਰ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾ ਸਾਰਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਭਾਜਪਾ ਦੇ ਗੁਨਾਹਾਂ ਦਾ ਖਮਿਆਜ਼ਾ ਲੋਕ ਕਿਉਂ ਭੁਗਤਣ?





