ਲਾਸ ਏਾਜਲਸ : ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼ੇ੍ਰਣੀ ‘ਚ ਭਾਰਤ ਦਾ ਪਹਿਲਾ ਆਸਕਰ ਜਿੱਤਿਆ ਹੈ | ਓ ਟੀ ਟੀ ਪਲੇਟਫਾਰਮ ‘ਨੈੱਟਫਲਿਕਸ’ ਦੀ ਇਸ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ | ਉਸ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਇਸ ਨੂੰ ਆਪਣੀ ਮਾਤ ਭੂਮੀ ਭਾਰਤ ਨੂੰ ਸਮਰਪਿਤ ਕੀਤਾ | ਗੋਂਸਾਲਵੇਜ਼ ਨੇ ਅਕੈਡਮੀ ਐਵਾਰਡ ਲਈ ਨਿਰਮਾਤਾ ਗੁਨੀਤ ਮੋਂਗਾ ਤੇ ਉਨ੍ਹਾਂ ਦੇ ਪਰਵਾਰ ਦਾ ਧੰਨਵਾਦ ਕੀਤਾ |
ਇਸੇ ਤਰ੍ਹਾਂ ‘ਆਰ ਆਰ ਆਰ’ ਫਿਲਮ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼ੇ੍ਰਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਡਾਇਰੈਕਟਰ ਐੱਸ ਐੱਸ ਰਾਜਾਮੌਲੀ ਦੀ ਫਿਲਮ ‘ਆਰ ਆਰ ਆਰ’ ਦਾ ਇਹ ਗੀਤ ‘ਨਾਟੂ ਨਾਟੂ’ ਐੱਮ ਐੱਮ ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ | ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ | ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’ | ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ ਟੀ ਆਰ ‘ਤੇ ਇਹ ਫਿਲਮਾਇਆ ਗਿਆ ਹੈ | ਇਸ ਸਾਲ ਆਸਕਰ ਐਵਾਰਡਜ਼ ‘ਤੇ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦਾ ਦਬਦਬਾ ਰਿਹਾ | ਸਰਵੋਤਮ ਫਿਲਮ ਜਿੱਤਣ ਤੋਂ ਇਲਾਵਾ ਇਸ ਲਈ ਡੈਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਨੂੰ ਸਰਵੋਤਮ ਨਿਰਦੇਸ਼ਕ ਚੁਣਿਆ ਗਿਆ ਅਤੇ ਫਿਲਮ ਦੀ ਅਭਿਨੇਤਰੀ ਮਿਸ਼ੇਲ ਯੋਹ ਨੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ | ਇਸੇ ਫਿਲਮ ਲਈ ਹੁਏ ਕਵਾਨ ਨੇ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ‘ਚ ਪੁਰਸਕਾਰ ਜਿੱਤਿਆ ਅਤੇ ਜੈਮੀ ਲੀ ਕਰਟਿਸ ਨੇ ਸਰਵੋਤਮ ਸਹਾਇਕ ਅਭਿਨੇਤਰੀ ਸ਼੍ਰੇਣੀ ‘ਚ ਪੁਰਸਕਾਰ ਜਿੱਤਿਆ |



