ਨਵੀਂ ਦਿੱਲੀ : ਪੈਗੰਬਰ ‘ਤੇ ਵਿਵਾਦਤ ਟਿੱਪਣੀ ਖਿਲਾਫ਼ ਬੀਤੇ ਸ਼ੁੱਕਰਵਾਰ ਜੁੰਮੇ ਦੀ ਨਮਾਜ਼ ਤੋਂ ਬਾਅਦ ਹਿੰਸਾ ਭੜਕ ਗਈ | ਦੇਸ਼ ਦੇ ਤਿੰਨ ਸੂਬੇ ਉਤਰ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ‘ਚ ਲੋਕ ਸੜਕਾਂ ‘ਤੇ ਉਤਰ ਆਏ, ਤਾਂ ਕਈ ਜਗ੍ਹਾ ਪਥਰਾਅ ਹੋਇਆ | ਪ੍ਰਯਾਗਰਾਜ ‘ਚ ਪਥਰਾਅ ਅਤੇ ਅੱਗ ਨਾਲ ਆਈ ਜੀ ਸਮੇਤ 18 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ | ਐੱਸ ਐੱਸ ਪੀ ਅਤੇ ਡੀ ਐੱਮ ਨੂੰ ਵੀ ਸੱਟਾਂ ਲੱਗੀਆਂ |
ਝਾਰਖੰਡ ਦੀ ਰਾਜਧਾਨੀ ਰਾਂਚੀ ਸਮੇਤ ਹਿੰਸਾ ‘ਚ 25 ਲੋਕ ਜ਼ਖ਼ਮੀ ਹੋਏ ਹਨ | ਪੁਲਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਵੀ ਹੋਈ | ਪੂਰੇ ਸ਼ਹਿਰ ‘ਚ ਕਰਫਿਊ ਲੱਗਾ ਹੋਇਆ ਹੈ | ਪ੍ਰਯਾਗਰਾਜ ਹਿੰਸਾ ਦਾ ਸਾਜ਼ਿਸ਼ਘਾੜਾ ਮੁਹੰਮਦ ਜਾਵੇਦ ਫੜਿਆ ਜਾ ਚੁੱਕਾ ਹੈ |
ਬੰਗਾਲ ਦੇ ਹਾਵੜਾ ‘ਚ ਲਗਾਤਾਰ ਦੂਜੇ ਦਿਨ ਸ਼ਨੀਵਾਰ ਵੀ ਭੀੜ ਨੇ ਪੁਲਸ ‘ਤੇ ਪਥਰਾਅ ਕੀਤਾ | ਇਸ ਤੋਂ ਬਾਅਦ ਭੀੜ ਨੂੰ ਖਦੇੜਨ ਲਈ ਪੁਲਸ ਨੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ | ਰਾਂਚੀ ‘ਚ ਹਿੰਸਾ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਤੇ ਹਿੰਸਾ ਪ੍ਰਭਾਵਤ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ | ਸੂਬਾ ਸਰਕਾਰ ਨੇ ਕਿਸੇ ਨੂੰ ਵੀ ਘਰ ‘ਚੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਹੈ | ਉਲਬੇਰੀਆ ਸਬ-ਡਵੀਜ਼ਨ, ਹਾਵੜਾ ਦੇ ਤਹਿਤ ਰਾਸ਼ਟਰੀ ਰਾਜਮਾਰਗਾਂ ਅਤੇ ਰੇਲਵੇ ਸਟੇਸ਼ਨਾਂ ਦੇ ਨੇੜੇ 15 ਜੂਨ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ | ਹਾਵੜਾ ਪੁਲਸ ਨੇ ਸ਼ੁੱਕਰਵਾਰ ਹੋਈ ਹਿੰਸਾ ‘ਚ 70 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਦੌਰਾਨ ਰਾਜਪਾਲ ਜਗਦੀਪ ਧਨਖੜ ਨੇ ਸਾਂਤੀ ਦੀ ਅਪੀਲ ਕਰਦੇ ਹੋਏ ਸੂਬੇ ਦੇ ਮੁੱਖ ਸਕੱਤਰ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਤੁਰੰਤ ਜਾਣਕਾਰੀ ਮੰਗੀ ਹੈ | ਉਨ੍ਹਾਂ ਟਵੀਟ ਕੀਤਾ, ‘ਸਾਂਤੀ ਦੀ ਅਪੀਲ ਕਰਦੇ ਹੋਏ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ, ‘ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਉਮੀਦ ਹੈ | ਉਹ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦਾ ਹੈ ਕਿ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ |”
ਸਭ ਤੋਂ ਜ਼ਿਆਦਾ ਹਿੰਸਾ ਪ੍ਰਯਾਗਰਾਜ ‘ਚ ਹੋਈ | ਅਰਧ ਸੈਨਿਕ ਬਲਾਂ ਦੇ ਕਈ ਸੈਨਿਕ ਜਖ਼ਮੀ ਹੋਏ | ਇਸ ਤਰ੍ਹਾਂ ਦੇਵਬੰਦ ‘ਚ ਅੱਲਾ-ਹੂ-ਅਕਬਰ ਦੇ ਨਾਅਰੇ ਲੱਗੇ | ਹਾਲਾਂਕਿ, ਕਾਨਪੁਰ ‘ਚ ਭਾਰੀ ਪੁਲਸ ਫੋਰਸ ਤਾਇਨਾਤ ਹੋਣ ਕਾਰਨ ਸਭ ਕੁਝ ਕੰਟਰੋਲ ਰਿਹਾ | ਸ਼ਨੀਵਾਰ ਸਹਾਰਨਪੁਰ ‘ਚ 48, ਪ੍ਰਯਾਗਰਾਜ ‘ਚ 68, ਹਾਥਰਸ ‘ਚ 50, ਮੁਰਾਦਾਬਾਦ ‘ਚ 25, ਫਿਰੋਜ਼ਾਬਾਦ ‘ਚ 8, ਅੰਬੇਡਕਰ ਨਗਰ ‘ਚ 28 ਗਿ੍ਫ਼ਤਾਰੀਆਂ ਹੋਈਆਂ | ਕੁੱਲ ਮਿਲਾ ਕੇ 277 ਲੋਕ ਫੜੇ ਜਾ ਚੁੱਕੇ ਹਨ |
ਹਿੰਸਾ ਤੋਂ ਬਾਅਦ ਝਾਰਖੰਡ ਦੇ ਸਾਰੇ 24 ਜ਼ਿਲਿ੍ਹਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ | ਸਾਰੇ ਜ਼ਿਲਿ੍ਹਆਂ ਦੀ ਪੁਲਸ ਨੂੰ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ |




