ਨਵੀਂ ਦਿੱਲੀ : ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਯਾਤਰਾ’ ਦੌਰਾਨ ਔਰਤਾਂ ਦੇ ਜਿਨਸੀ ਸ਼ੋਸ਼ਣ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾ ਨੂੰ ਜਾਰੀ ਨੋਟਿਸ ਦੇ ਸੰਬੰਧ ‘ਚ ਦਿੱਲੀ ਪੁਲਸ ਐਤਵਾਰ ਇੱਥੇ ਉਨ੍ਹਾ ਦੀ ਰਿਹਾਇਸ਼ ‘ਤੇ ਪਹੁੰਚੀ |
ਸਪੈਸ਼ਲ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਦੀ ਅਗਵਾਈ ‘ਚ ਟੀਮ ਰਾਹੁਲ ਦੀ 12, ਤੁਗਲਕ ਲੇਨ ਸਥਿਤ ਰਿਹਾਇਸ਼ ‘ਤੇ ਪਹੁੰਚੀ | ਸੋਸ਼ਲ ਮੀਡੀਆ ਪੋਸਟ ਦਾ ਨੋਟਿਸ ਲੈਂਦਿਆਂ, ਦਿੱਲੀ ਪੁਲਸ ਨੇ ਰਾਹੁਲ ਗਾਂਧੀ ਨੂੰ ਪ੍ਰਸ਼ਨਾਵਲੀ ਭੇਜੀ ਸੀ ਅਤੇ ਉਨ੍ਹਾ ਨੂੰ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਲੈ ਕੇ ਉਨ੍ਹਾ ਤੱਕ ਪਹੁੰਚ ਕਰਨ ਵਾਲੀਆਂ ਔਰਤਾਂ ਦੇ ਵੇਰਵੇ ਦੇਣ ਲਈ ਕਿਹਾ ਸੀ | ਪੁਲਸ ਮੁਤਾਬਕ ਰਾਹੁਲ ਨੇ ‘ਭਾਰਤ ਜੋੜੋ ਯਾਤਰਾ’ ਦੇ ਸ੍ਰੀਨਗਰ ਗੇੜ ਦੌਰਾਨ ਇਹ ਬਿਆਨ ਦਿੱਤਾ ਸੀ-ਮੈਂ ਸੁਣਿਆ ਹੈ ਕਿ ਔਰਤਾਂ ਦਾ ਹਾਲੇ ਵੀ ਜਿਨਸੀ ਸ਼ੋਸ਼ਣ ਹੋ ਰਿਹਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਕਾਂਗਰਸੀ ਆਗੂ ਨੂੰ ਇਨ੍ਹਾਂ ਪੀੜਤਾਂ ਦੇ ਵੇਰਵੇ ਦੇਣ ਲਈ ਕਿਹਾ ਸੀ ਤਾਂ ਜੋ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ |
ਰਾਹੁਲ ਗਾਂਧੀ ਨੇ ਦਿੱਲੀ ਪੁਲਸ ਦੇ ਨੋਟਿਸ ‘ਤੇ 10 ਨੁਕਤਿਆਂ ‘ਚ ਚਾਰ ਸਫਿਆਂ ਦੇ ਜਵਾਬ ਵਿਚ ਕਿਹਾ ਹੈ—ਕੀ ਇਹ ਮੇਰੇ ਵੱਲੋਂ ਅਡਾਨੀ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਹੋ ਰਿਹਾ ਹੈ | ਮੈਂ ਬਿਆਨ 45 ਦਿਨ ਪਹਿਲਾਂ ਦਿੱਤਾ ਸੀ, ਜਿਸ ‘ਤੇ ਅਚਾਨਕ ਨੋਟਿਸ ਦੇਣ ਦੀ ਕੀ ਲੋੜ ਪੈ ਗਈ?
ਰਾਹੁਲ ਨੇ ਵਿਸਤਿ੍ਤ ਜਵਾਬ ਦੇਣ ਲਈ 8-10 ਦਿਨ ਦਾ ਸਮਾਂ ਮੰਗਿਆ ਹੈ | ਇਸੇ ਦੌਰਾਨ ਕਾਂਗਰਸ ਨੇ ਟਵੀਟ ਕੀਤਾ ਹੈ—ਸਾਵਰਕਰ ਸਮਝਾ ਕਯਾ….. .ਨਾਮ-ਰਾਹੁਲ ਗਾਂਧੀ ਹੈ | ਹੁੱਡਾ ਨੇ ਕਿਹਾ ਕਿ ਰਾਹੁਲ ਨੇ ਕਿਹਾ ਹੈ ਕਿ ਯਾਤਰਾ ਦੌਰਾਨ ਉਹ ਕਈ ਲੋਕਾਂ ਨੂੰ ਮਿਲੇ | ਕੜੀ ਜੋੜਨ ਲਈ ਵਕਤ ਲੱਗੇਗਾ | ਉਹ ਫਿਰ ਜਾਣਕਾਰੀ ਦੇ ਦੇਣਗੇ | ਹੁੱਡਾ ਨੇ ਕਿਹਾ ਕਿ ਉਹ ਰਾਹੁਲ ਤੋਂ ਫਿਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨਗੇ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਮਹਿਲਾਵਾਂ ਦੀ ਏਨੀ ਹੀ ਚਿੰਤਾ ਸੀ ਤਾਂ ਫਰਵਰੀ ਵਿਚ ਕਿਉਂ ਨਹੀਂ ਆਈ | ਪੌਣੇ ਦੋ ਮਹੀਨਿਆਂ ਬਾਅਦ ਪੁੱਛਗਿੱਛ ਦਾ ਚੇਤਾ ਆ ਗਿਆ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਬਿਨਾਂ ਗ੍ਰਹਿ ਮੰਤਰਾਲੇ ਤੇ ਉਪਰੋਂ ਨਿਰਦੇਸ਼ ਦੇ ਸੰਭਵ ਨਹੀਂ ਕਿ ਪੁਲਸ ਰਾਹੁਲ ਦੀ ਕੋਠੀ ‘ਤੇ ਜਾਂਦੀ | ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਰਾਹੁਲ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਰਕਾਰ ਨੂੰ ਕੀ ਲੱਗਦਾ ਹੈ ਕਿ ਉਹ ਡਰ ਜਾਣਗੇ?



