ਜਲੰਧਰ (ਥਾਪਾ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਦੋ-ਰੋਜ਼ਾ ਸੂਬਾਈ ਵਰਕਸ਼ਾਪ ਦੇ ਦੂਜੇ ਦਿਨ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਵਿਦਿਆਰਥੀਆਂ ਨੂੰ ਸਾਬਕਾ ਵਿਦਿਆਰਥੀ ਆਗੂ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਦੌਰਾਨ ‘ਜਥੇਬੰਦੀ ਦਾ ਪਸਾਰ ਅਤੇ ਰਾਜਨੀਤਕ ਅਖਬਾਰ ਦਾ ਮਹੱਤਵ’ ਵਿਸ਼ੇ ਉੱਤੇ ਬਾਖੂਬੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾ ਕਿਹਾ ਕਿ ਕਿਸੇ ਵੀ ਜਥੇਬੰਦੀ ਦੇ ਪਸਾਰ ਅਤੇ ਉਹਦੇ ਆਪਣੇ ਰਾਜਨੀਤਕ ਪੱਖ ਨੂੰ ਪੇਸ਼ ਕਰਨ ਲਈ ਰਾਜਨੀਤਕ ਅਖਬਾਰ ਦਾ ਸਭ ਤੋਂ ਵੱਧ ਮਹੱਤਵ ਹੁੰਦਾ ਹੈ, ਜਿਸ ਤੋਂ ਬਿਨਾਂ ਨਾ ਸਿਰਫ ਜਥੇਬੰਦੀ ਅਧੂਰੀ ਹੁੰਦੀ ਹੈ, ਬਲਕਿ ਇਹਦੇ ਤੋਂ ਬਿਨਾਂ ਜਥੇਬੰਦੀ ਦਾ ਪਸਾਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਬਣ ਜਾਂਦਾ ਹੈ | ਵਿਦਿਆਰਥੀ ਜਥੇਬੰਦੀ ਨੂੰ ਆਪਣਾ ਅਖਬਾਰ ਛਾਪ ਕੇ ਵੰਡਣਾ ਚਾਹੀਦਾ ਹੈ, ਤਾਂ ਕਿ ਉਹ ਵਿਦਿਆਰਥੀਆਂ ਦੇ ਮਸਲਿਆਂ ਨੂੰ ਸਿੱਧਾ ਸੰਬੋਧਤ ਹੋ ਸਕਣ | ਇਸ ਦੌਰਾਨ ਏ ਆਈ ਐੱਸ ਐੱਫ ਦੇ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਪ੍ਰਧਾਨ ਵਰਿੰਦਰ ਖੁਰਾਣਾ ਤੇ ਸੂਬਾ ਕੌਂਸਲ ਮੈਂਬਰ ਰਾਹੁਲ ਨੇ ਵੀ ਸੰਬੋਧਨ ਕੀਤਾ ਅਤੇ ਅਖਬਾਰ ਦੀ ਰਣਨੀਤੀ ਵਿਦਿਆਰਥੀਆਂ ਸਾਹਮਣੇ ਰੱਖੀ, ਜਿਸ ਨੂੰ ਲੈ ਕੇ ਵਿਦਿਆਰਥੀਆਂ ਨੇ ਆਪਣੇ-ਆਪਣੇ ਸੁਝਾਅ ਨੋਟ ਕਰਵਾਏ | ਇਸ ਉਪਰੰਤ ਜਥੇਬੰਦੀ ਨੇ ਵਿਚਾਰ-ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਅਖਬਾਰ ਦਾ ਨਾਂਅ ‘ਦ ਸਟੂਡੈਂਟ’ ਪ੍ਰਵਾਨ ਕਰ ਲਿਆ | ਜਿਹਦੇ ਸੰਪਾਦਕਾਂ ਦੀ ਜ਼ਿੰਮੇਵਾਰੀ ਸਾਂਝੇ ਤੌਰ ‘ਤੇ ਲਵਪ੍ਰੀਤ ਮਾੜੀਮੇਘਾ ਅਤੇ ਵਰਿੰਦਰ ਨੂੰ ਸੌਂਪੀ ਗਈ, 6 ਮੈਂਬਰੀ ਸੰਪਾਦਕੀ ਬੋਰਡ ਅਤੇ 6 ਮੈਂਬਰੀ ਸੂਚਨਾ ਸੰਗ੍ਰਹਿ ਕਮੇਟੀ ਬਣਾਈ ਗਈ | ਪਿ੍ਤਪਾਲ ਵੱਲੋਂ ਭਵਿੱਖੀ ਰਣਨੀਤੀ ਦੱਸਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਉੱਤੇ ਪਹਿਲਾਂ ਨਾਲੋਂ ਵਧੇਰੇ ਜ਼ੋਰ ਦਿੱਤਾ ਗਿਆ | ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵਿਦਿਅਕ ਅਦਾਰਿਆਂ ਦਾ ਵਪਾਰੀਕਰਨ ਦੀ ਸਪੱਸ਼ਟ ਨੀਤੀ ‘ਤੇ ਕੰਮ ਕਰ ਰਹੀ ਹੈ, ਜਿਸ ਦੀ ਹਾਲੀਆ ਉਦਾਹਰਣ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਕਰਨ ਦੀ ਸਾਜ਼ਿਸ਼ ਹੈ | ਇਸ ਹਮਲੇ ਨੂੰ ਰੋਕਣਾ ਵਿਦਿਆਰਥੀਆਂ ਤੋਂ ਇਲਾਵਾ ਕਿਸੇ ਹੋਰ ਦੇ ਵੱਸ ਦਾ ਕੰਮ ਨਹੀਂ, ਸੋ ਸਾਨੂੰ ਇਸ ਹਮਲੇ ਨੂੰ ਪਛਾੜਨ ਲਈ ਪੂਰੀ ਤਾਕਤ ਨਾਲ ਸੰਘਰਸ਼ ਕਰਨਾ ਚਾਹੀਦਾ ਹੈ | ਏ ਆਈ ਐੱਸ ਐੱਫ ਦੇ ਸਾਬਕਾ ਆਗੂ ਤੇ ਰਿਟਾਇਰਡ ਡੀ ਏ ਸੱਤਪਾਲ ਭਗਤ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀ ਮਜ਼ਬੂਤ ਬਣਾਉਣੀ ਇਸ ਲਈ ਜ਼ਰੂਰੀ ਹੈ ਕਿ ਵਿੱਦਿਆ ਸਸਤੀ ਤੇ ਲਾਜ਼ਮੀ ਕਰਨ ਦੇ ਸੰਘਰਸ਼ ਦੇ ਨਾਲ-ਨਾਲ ਜਥੇਬੰਦੀ ਦੇ ਆਗੂ ਵਿਦਿਆਰਥੀਆਂ ਵਿੱਚ ਇਹ ਵੀ ਸੂਝ ਪੈਦਾ ਕਰਨ ਕਿ ਜਿਹੜੇ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਇਹ ਲੋਕਾਂ ਦੇ ਭਲੇ ਵਾਸਤੇ ਹਨ | ਇਸ ਸੋਚ ਨਾਲ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਲੋਕਾਂ ਦੀ ਜ਼ਿੰਦਗੀ ਸੰਵਾਰਨ ਲਈ ਕੰਮ ਕਰਨ | ਅੰਤ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗੁਰਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਮਨ, ਨੀਤੂ, ਮਾਇਆ, ਫਾਜ਼ਿਲਕਾ ਤੋਂ ਰਮਨ ਧਰਮੂਵਾਲਾ, ਫਰੀਦਕੋਟ ਤੋਂ ਗੁਰਪ੍ਰੀਤ ਸਿੰਘ, ਗੁਰਦਾਸਪੁਰ ਤੋਂ ਮਦਨ ਲਾਲ, ਮੁਕਤਸਰ ਤੋਂ ਗੌਰਵ, ਅੰਮਿ੍ਤਸਰ ਤੋਂ ਰਾਜਵਿੰਦਰ ਸਿੰਘ ਤੇ ਤਰਨ ਤਾਰਨ ਤੋਂ ਜਸਪ੍ਰੀਤ ਸਿੰਘ ਖਡੂਰ ਸਾਹਿਬ ਨੇ ਵੀ ਵਿਚਾਰ ਪ੍ਰਗਟ ਕੀਤੇ |





