ਰਾਹੁਲ ਦੀ ਲੋਕ ਸਭਾ ਮੈਂਬਰੀ ਖਤਮ

0
189

ਨਵੀਂ ਦਿੱਲੀ : ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਲੋਕ ਸਭਾ ਦੇ ਅਯੋਗ ਕਰਾਰ ਦੇ ਦਿੱਤਾ ਗਿਆ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਉਨ੍ਹਾ ਦੀ ਅਯੋਗਤਾ ਦਾ ਹੁਕਮ 23 ਮਾਰਚ ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਨੂੰ ਸੰਵਿਧਾਨ ਦੀ ਧਾਰਾ 102(1) ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 8 ਤਹਿਤ ਅਯੋਗ ਕਰਾਰ ਦਿੱਤਾ ਗਿਆ ਹੈ।
ਕਰਨਾਟਕ ’ਚ ਇਕ ਰੈਲੀ ਵਿਚ ‘ਸਾਰੇ ਚੋਰਾਂ ਦਾ ਗੋਤ ਮੋਦੀ ਕਿਉ ਹੁੰਦਾ ਹੈ?’ ਪੁੱਛਣ ’ਤੇ ਭਾਜਪਾ ਆਗੂ ਨੇ ਉਨ੍ਹਾ ਵਿਰੁੱਧ ਮੋਦੀ ਸਮਾਜ ਨੂੰ ਬਦਨਾਮ ਕਰਨ ਦਾ ਕੇਸ ਕੀਤਾ ਸੀ ਤੇ ਅਦਾਲਤ ਨੇ ਉਨ੍ਹਾ ਨੂੰ ਦੋਸ਼ੀ ਮੰਨਿਆ।
ਸੁਪਰੀਮ ਕੋਰਟ ਨੇ 11 ਜੁਲਾਈ 2013 ਨੂੰ ਆਪਣੇ ਫੈਸਲੇ ’ਚ ਕਿਹਾ ਸੀ ਕਿ ਸਾਂਸਦ ਜਾਂ ਵਿਧਾਇਕ ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੀ ਤਰੀਕ ਤੋਂ ਹੀ ਸੰਸਦ ਜਾਂ ਵਿਧਾਨ ਸਭਾ ਦੀ ਮੈਂਬਰੀ ਲਈ ਅਯੋਗ ਹੋ ਜਾਵੇਗਾ। ਉਸਨੇ ਲਿੱਲੀ ਥਾਮਸ ਬਨਾਮ ਭਾਰਤ ਸਰਕਾਰ ਦੇ ਮਾਮਲੇ ’ਚ ਇਹ ਹੁਕਮ ਦਿੱਤਾ ਸੀ। ਇਸਤੋਂ ਪਹਿਲਾਂ ਅਦਾਲਤ ਦਾ ਆਖਰੀ ਫੈਸਲਾ ਆਉਣ ਤਕ ਮੈਂਬਰੀ ਖਤਮ ਨਾ ਕਰਨ ਦੀ ਵਿਵਸਥਾ ਸੀ।
ਕਾਨੂੰਨੀ ਮਾਹਰਾਂ ਮੁਤਾਬਕ ਹੁਣ ਰਾਹੁਲ ਦੀ ਵਾਇਨਾਡ ਸੀਟ ਨੂੰ ਖਾਲੀ ਐਲਾਨ ਦਿੱਤਾ ਜਾਵੇਗਾ। ਚੋਣ ਕਮਿਸ਼ਨ ਫਿਰ ਇਥੇ ਚੋਣ ਕਰਵਾਏਗਾ। ਦਿੱਲੀ ’ਚ ਰਾਹੁਲ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ। ਜੇ ਰਾਹੁਲ ਦੀ ਸਜ਼ਾ ਦਾ ਫੈਸਲਾ ਉਤਲੀਆਂ ਅਦਾਲਤਾਂ ਬਹਾਲ ਰੱਖਦੀਆਂ ਹਨ ਤਾਂ ਉਹ 8 ਸਾਲ ਚੋਣ ਨਹੀਂ ਲੜ ਸਕਣਗੇ। ਦੋ ਸਾਲ ਦੀ ਸਜ਼ਾ ਪੂਰੀ ਕਰਨ ਦੇ ਬਾਅਦ ਉਹ ਛੇ ਸਾਲ ਚੋਣ ਲੜਨ ਦੇ ਅਯੋਗ ਰਹਿਣਗੇ। ਰਾਹੁਲ ਗਾਂਧੀ ਕੋਲ ਸੂਰਤ ਦੀ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਲਈ 30 ਦਿਨ ਦਾ ਸਮਾਂ ਹੈ। ਜੇ ਹਾਈ ਕੋਰਟ ਅਪੀਲ ਮਨਜ਼ੂਰ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਜਾਣਾ ਪਏਗਾ। ਕਾਂਗਰਸ ਨੇ ਰਾਹੁਲ ਨੂੰ ਅਯੋਗ ਠਹਿਰਾਉਣ ਦੀ ਵੈਧਾਨਿਕਤਾ ’ਤੇ ਸਵਾਲ ਉਠਾਉਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਹੀ ਚੋਣ ਕਮਿਸ਼ਨ ਨਾਲ ਵਿਚਾਰ-ਵਟਾਂਦਰਾ ਕਰਕੇ ਕਿਸੇ ਸਾਂਸਦ ਨੂੰ ਅਯੋਗ ਐਲਾਨ ਸਕਦੇ ਹਨ।
ਅਯੋਗ ਠਹਿਰਾਉਣ ਦੀ ਖਬਰ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਸੰਸਦ ਪੁੱਜੇ ਅਤੇ ਲੋਕ ਸਭਾ ਦੀ ਕਾਰਵਾਈ ’ਚ ਸ਼ਾਮਲ ਹੋਏ। ਰਾਹੁਲ ਨੇ ਸੰਸਦ ਭਵਨ ’ਚ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਿਰਕਤ ਕੀਤੀ, ਜਿਸ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਸਨ। ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਰਾਹੁਲ ਸਦਨ ’ਚ ਮੌਜੂਦ ਸਨ। ਪਾਰਟੀ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਰਾਹੁਲ ਗਾਂਧੀ ਨੂੰ ਸੱਤਾਧਾਰੀ ਪਾਰਟੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਦੇਣ। ਇਸ ਦੀ ਇਜਾਜ਼ਤ ਨਾ ਮਿਲਣ ’ਤੇ ਕਾਂਗਰਸੀ ਮੈਂਬਰਾਂ ਨੇ ਹੰਗਾਮਾ ਕੀਤਾ।
ਇਸ ਦੌਰਾਨ ਕਾਂਗਰਸ ਨੇ ਰਾਹੁਲ ਵਿਰੁੱਧ ਕਾਰਵਾਈ ਨੂੰ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਕਿਹਾ ਹੈ।
ਅਯੋਗ ਠਹਿਰਾਏ ਜਾਣ ਤੋਂ ਬਾਅਦ ਰਾਹੁਲ ਨੇ ਕਿਹਾਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ, ਕੋਈ ਵੀ ਕੀਮਤ ਤਾਰਨ ਲਈ ਤਿਆਰ ਹਾਂ।
ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾਇਹ ਜਮਹੂਰੀਅਤ ਦਾ ਕਤਲ ਹੈ। ਚੋਰ ਨੂੰ ਚੋਰ ਕਹਿਣਾ ਇਸ ਦੇਸ਼ ’ਚ ਅਪਰਾਧ ਹੋ ਗਿਆ ਹੈ। ਇਹ ਡਿਕਟੇਟਰਸ਼ਿਪ ਦੇ ਅੰਤ ਦੀ ਸ਼ੁਰੂਆਤ ਹੈ। ਦੇਸ਼ ਨੂੰ ਲੁੱਟਣ ਵਾਲੇ ਖੁੱਲ੍ਹੇਆਮ ਘੰੁਮ ਰਹੇ ਹਨ ਤੇ ਰਾਹੁਲ ਗਾਂਧੀ ਨੂੰ ਸਜ਼ਾ ਦੇ ਦਿੱਤੀ ਗਈ ਹੈ।
ਮਮਤਾ ਬੈਨਰਜੀ ਨੇ ਕਿਹਾਪੀ ਐੱਮ ਮੋਦੀ ਦੇ ਨਿਊ ਇੰਡੀਆ ਵਿਚ ਅਪੋਜ਼ੀਸ਼ਨ ਆਗੂ ਭਾਜਪਾ ਦਾ ਮੁੱਖ ਨਿਸ਼ਾਨਾ ਬਣ ਰਹੇ ਹਨ। ਅਪਰਾਧੀ ਪਿਛੋਕੜ ਵਾਲੇ ਭਾਜਪਾ ਆਗੂ ਕੈਬਿਨੇਟ ਵਿਚ ਸ਼ਾਮਲ ਕੀਤੇ ਜਾ ਰਹੇ ਹਨ। ਅਪੋਜ਼ੀਸ਼ਨ ਆਗੂ ਤਕਰੀਰਾਂ ਲਈ ਅਯੋਗ ਕਰਾਰ ਦਿੱਤੇ ਜਾ ਰਹੇ ਹਨ। ਅਜ ਅਸੀਂ ਸੰਵਿਧਾਨਕ ਜਮਹੂਰੀਅਤ ਦਾ ਨਵਾਂ ਰਸਾਤਲ ਦੇਖ ਰਹੇ ਹਾਂ।

LEAVE A REPLY

Please enter your comment!
Please enter your name here