ਰੂਪਨਗਰ : ਸੋਮਵਾਰ ਪੰਜਾਬ ਵਿਚ ਬਿਜਲੀ ਦੀ ਮੰਗ 12000 ਮੈਗਾਵਟ ਦੇ ਨੇੜੇ ਢੁਕ ਗਈ | ਪਾਵਰਕਾਮ ਮੈਨੇਜਮੈਂਟ ਵੱਲੋਂ ਮੰਗ ਦੀ ਪੂਰਤੀ ਲਈ ਪ੍ਰਾਈਵੇਟ ਥਰਮਲ ਪਲਾਂਟਾਂ, ਦੋਵੇਂ ਸਰਕਾਰੀ ਥਰਮਲ ਪਲਾਂਟਾਂ ਅਤੇ ਸਾਰੇ ਪਣਬਿਜਲੀ ਘਰਾਂ ਦਾ ਉਤਪਾਦਨ ਵਧਾਉਣ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਬਿਜਲੀ ਖਰੀਦੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਕੱਟ ਲਗਾਉਣੇ ਪੈ ਰਹੇ ਹਨ | ਉੱਧਰ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਯੁੂਨਿਟ ਐਤਵਾਰ ਰਾਤ ਤੋਂ ਲੜਖੜਾਉਣ ਲੱਗ ਪਏ ਹਨ | ਰਾਤੀਂ 5 ਅਤੇ 6 ਨੰਬਰ ਯੁੂਨਿਟ ਬੰਦ ਹੋ ਗਏ | ਇੰਜੀਨੀਅਰਾਂ ਵੱਲੋਂ ਨੁਕਸ ਦੂਰ ਕਰਨ ਉਪਰੰਤ ਇਨ੍ਹਾਂ ਯੁਨਿਟਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ, ਪਰ ਦੇਰ ਰਾਤ ਅਚਾਨਕ ਪਲਾਂਟ ਦੇ ਚਾਰੇ ਯੁੂਨਿਟ ਬੰਦ ਹੋ ਗਏ | ਇੰਜੀਨੀਅਰਾਂ ਵੱਲੋਂ ਜ਼ੋਰ ਲਾਉਣ ਤੋਂ ਬਾਅਦ ਸੋਮਵਾਰ 4 ਵਜੇ ਤੱਕ ਯੁੂਨਿਟ ਨੰਬਰ 4 ਨੇ 181 ਮੈਗਾਵਾਟ ਅਤੇ ਯੂਨਿਟ ਨੰਬਰ 6 ਨੇ 109 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ | ਇੰਜੀਨੀਅਰਾਂ ਦੀ ਟੀਮ 3 ਅਤੇ 5 ਨੰਬਰ ਯੂਨਿਟਾਂ ਨੂੰ ਚਾਲੂ ਕਰਨ ਵਿਚ ਜੁਟੀ ਹੋਈ ਸੀ |




