ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ਨੀਵਾਰ ਦੋਸ਼ ਲਾਇਆ ਕਿ 2024 ‘ਚ ਹੋਣ ਵਾਲੀਆਂ ਆਮ ਚੋਣਾਂ ਦੇ ਨੇੜੇ ਆਉਣ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਫਿਰਕੂ ਹਿੰਸਾ ਭੜਕਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਪੱਛਮੀ ਬੰਗਾਲ ਅਤੇ ਗੁਜਰਾਤ ‘ਚ ਹੋਈਆਂ ਤਾਜ਼ਾ ਘਟਨਾ ਇਸ ਦਾ ‘ਟਰੇਲਰ’ ਹੈ | ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ ‘ਚ ਵੀਰਵਾਰ ਨੂੰ ਰਾਮਨੌਮੀ ‘ਤੇ ਸ਼ੋਭਾ ਯਾਤਰਾ ਕੱਢੇ ਜਾਣ ਦੌਰਾਨ ਦੋ ਸਮੂਹਾਂ ਵਿਚਾਲੇ ਹਿੰਸਕ ਝੜਪ ਹੋ ਗਈ | ਇਸ ਨੂੰ ਲੈ ਕੇ ਭਾਜਪਾ ਅਤੇ ਤਿ੍ਣਮੂਲ ਕਾਂਗਰਸ ਦੋਵਾਂ ਨੇ ਇੱਕ-ਦੂਜੇ ‘ਤੇ ਦੋਸ਼ ਲਾਏ | ਰਾਮਨੌਮੀ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਮਿਲੀਆਂ | ਸਿੱਬਲ ਨੇ ਟਵਿਟ ਕੀਤਾ—2024 ਨੇੜੇ ਆ ਰਿਹਾ ਹੈ, ਇਸ ‘ਚ ਭਾਜਪਾ ਇਨ੍ਹਾਂ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ | ਫਿਰਕੂ ਹਿੰਸਾ, ਨਫ਼ਰਤੀ ਭਾਸ਼ਾ ਅਤੇ ਸਮਗਰੀ, ਘੱਟ ਗਿਣਤੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ, ਈ ਡੀ, ਸੀ ਬੀ ਆਈ, ਚੋਣ ਕਮਿਸ਼ਨ ਦਾ ਇਸਤੇਮਾਲ ਕਰਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ | ਉਨ੍ਹਾ ਕਿਹਾ ਕਿ ਪੱਛਮੀ ਬੰਗਾਲ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ‘ਚ ਹੋਈਆਂ ਹਿੰਸਾ ਦੀਆਂ ਘਟਨਾ ਇਸ ਦਾ ‘ਟਰੇਲਰ’ ਹੈ |