ਬੇਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਸਵੇਰੇ ਚਿਤਰਦੁਰਗਾ ‘ਚ ਏਅਰੋਨਾਟਿਕਲ ਟੈਸਟ ਰੇਂਜ ਤੋਂ ਰਿਯੂਜ਼ੇਬਲ ਲਾਂਚ ਵਹੀਕਲ (ਆਰ ਐੱਲ ਵੀ) ਦਾ ਸਫਲ ਤਜਰਬਾ ਕਰਕੇ ਪੁਲਾੜ ਖੇਤਰ ‘ਚ ਵੱਡੀ ਸਫਲਤਾ ਹਾਸਲ ਹੈ | ਇਸਰੋ ਵੱਲੋਂ ਮੁੜ ਵਰਤੋਂ ਯੋਗ ਲਾਂਚ ਵਾਹਨ ਸੈਟੇਲਾਈਟ ਪੁਲਾੜ ਵਿਚ ਭੇਜਣ ਤੋਂ ਬਾਅਦ ਧਰਤੀ ‘ਤੇ ਵਾਪਸ ਆ ਜਾਵੇਗਾ | ਇਸ ਜ਼ਰੀਏ ਇਕ ਹੋਰ ਸੈਟੇਲਾਈਟ ਨੂੰ ਫਿਰ ਤੋਂ ਲਾਂਚ ਕੀਤਾ ਜਾ ਸਕਦਾ ਹੈ | ਇਸ ਤੋਂ ਪਹਿਲਾਂ ਸੈਟੇਲਾਈਟ ਲਾਂਚ ਵਾਹਨ ਵਾਪਸ ਨਹੀਂ ਮੁੜਦੇ ਸਨ | ਇਸਰੋ ਨੇ ਜਾਣਕਾਰੀ ਦਿੱਤੀ ਹੈ ਕਿ ਦੁਨੀਆ ‘ਚ ਪਹਿਲੀ ਵਾਰ ਹੈਲੀਕਾਪਟਰ ਤੋਂ ਸਾਢੇ ਚਾਰ ਕਿਲੋਮੀਟਰ ਦੀ ਉਚਾਈ ‘ਤੇ ਵਿੰਗ ਬਾਡੀ ਵਾਲੇ ਜਹਾਜ਼ ਨੂੰ ਲਿਜਾਇਆ ਗਿਆ ਅਤੇ ਹਵਾਈ ਜਹਾਜ਼ ਦੀ ਤਰ੍ਹਾਂ ਰਨਵੇਅ ‘ਤੇ ਲੈਂਡਿੰਗ ਲਈ ਛੱਡਿਆ ਗਿਆ | ਇਸਰੋ ਅਨੁਸਾਰ ਆਰ ਐੱਲ ਵੀ ਮੂਲ ਰੂਪ ‘ਚ ਪੁਲਾੜ ਜਹਾਜ਼ ਹੈ, ਜਿਸ ਨੂੰ ਬਹੁਤ ਉੱਚਾਈ ਤੋਂ 350 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਉਤਰਨ ਲਈ ਤਿਆਰ ਕੀਤਾ ਗਿਆ ਹੈ | ਤਕਨੀਕੀ ਤੌਰ ‘ਤੇ ਅਜਿਹਾ ਕਰਨ ਲਈ ਘੱਟ ਲਿਫਟ ਅਤੇ ਡਰੈਗ ਦਾ ਸਹੀ ਅਨੁਪਾਤ ਰੱਖਣਾ ਜ਼ਰੂਰੀ ਹੈ, ਤਾਂ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਸੰਤੁਲਨ ਬਣਿਆ ਰਹੇ |




