ਅੱਡਾ ਸਰਾਂ (ਕਾਜਲ)
ਏਸ਼ੀਅਨ ਖੇਡਾਂ ਵਿਚ ਲੰਮੀ ਦੌੜ ‘ਚ ਸੋਨ ਤਮਗੇ ਜਿੱਤਣ ਵਾਲੇ ਦੌੜਾਕ ਹਰੀ ਚੰਦ ਦਾ 69 ਸਾਲ ਦੀ ਉਮਰ ਵਿਚ ਸੋਮਵਾਰ ਸਵੇਰੇ ਟਾਂਡਾ ਨੇੜੇ ਪਿੰਡ ਘੋੜੇਵਾਹਾ ‘ਚ ਦੇਹਾਂਤ ਹੋ ਗਿਆ | ਉਹ ਸੀ ਆਰ ਪੀ ਐੱਫ ਦੇ ਕਮਾਂਡੈਂਟ ਵਜੋਂ ਰਿਟਾਇਰ ਹੋਏ ਸਨ | ਉਨ੍ਹਾ 1975 ਦੀ ਏਸ਼ੀਅਨ ਚੈਂਪੀਅਨਸ਼ਿਪ ਵਿਚ 10 ਹਜ਼ਾਰ ਮੀਟਰ ਵਿਚ ਸੋਨੇ ਅਤੇ 5 ਹਜ਼ਾਰ ਮੀਟਰ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ | ਇਸ ਤੋਂ ਬਾਅਦ ਉਨ੍ਹਾ 1978 ‘ਚ ਬੈਂਕਾਕ ਏਸ਼ੀਆਈ ਖੇਡਾਂ ‘ਚ 5000 ਅਤੇ 10000 ਮੀਟਰ ਦੌੜ ਵਿਚ ਦੋ ਸੋਨ ਤਮਗੇ ਜਿੱਤੇ ਸਨ | ਉਨ੍ਹਾ 1976 ਅਤੇ 1980 ਦੀਆਂ ਓਲੰਪਿਕ ਖੇਡਾਂ ‘ਚ ਵੀ ਹਿੱਸਾ ਲਿਆ ਸੀ | ਉਨ੍ਹਾ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ | ਹਰੀ ਚੰਦ ਵੱਲੋਂ 10 ਹਜ਼ਾਰ ਮੀਟਰ ਦੌੜ ਵਿਚ ਬਣਾਇਆ ਕੌਮੀ ਰਿਕਾਰਡ ਲਗਤਾਰ 28 ਸਾਲ ਸਥਾਪਤ ਰਿਹਾ | 1979 ‘ਚ ਉਨ੍ਹਾ ਨੂੰ ਮੀਡੀਆ ਨੇ ਬੈੱਸਟ ਅਥਲੀਟ ਐਲਾਨਿਆ ਸੀ | ਸੇਵਾਮੁਕਤੀ ਤੋਂ ਬਾਅਦ ਵੀ ਉਹ ਟਾਂਡਾ ਕਾਲਜ ‘ਚ ਐਥਲੈਟਿਕ ਸੈਂਟਰ ਦੇ ਮਾਰਗ-ਦਰਸ਼ਕ ਰਹੇ | ਉਨ੍ਹਾ ਨਮਿਤ ਅੰਤਮ ਸੰਸਕਾਰ ਪਿੰਡ ਘੋੜੇਵਾਹਾ ਵਿਖੇ ਸਰਕਾਰੀ ਸਨਮਾਨ ਨਾਲ 14 ਜੂਨ (ਮੰਗਲਵਾਰ) ਨੂੰ ਕੀਤਾ ਜਾਵੇਗਾ |
ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ | ਮਾਨ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ | ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਰਹੇ ਸਨ |





