ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਬੁੱਧਵਾਰ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੀਡੀਓ ਕਾਨਫਰੰਸ ਰਾਹੀਂ ਵਕੀਲਾਂ ਦੀਆਂ ਦਲੀਲਾਂ ਸੁਣਨ ਲਈ ਤਿਆਰ ਹੈ। ਚੀਫ ਜਸਟਿਸ ਚੰਦਰਚੂੜ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਨੇ ਕਿਹਾ ਕਿ ਅਦਾਲਤ ਵਕੀਲਾਂ ਨੂੰ ਹਾਈਬਿ੍ਰਡ ਮੋਡ (ਅਹਾਤੇ ਵਿਚ ਜਾਂ ਆਨਲਾਈਨ ਮੋਡ ਰਾਹੀਂ) ਪੇਸ਼ ਹੋਣ ਦੀ ਇਜਾਜ਼ਤ ਦੇਣ ਲਈ ਤਿਆਰ ਹੈ। ਚੀਫ ਜਸਟਿਸ ਨੇ ਕਿਹਾ ਕਿ ਉਹ ਵਕੀਲਾਂ ਦੀਆਂ ਦਲੀਲਾਂ ਵੀਡੀਓ ਕਾਨਫਰੰਸ ਰਾਹੀਂ ਸੁਣ ਸਕਦੇ ਹਨ।
ਇਸੇ ਦੌਰਾਨ ਇਕ ਦਿਨ ਵਿਚ ਕੋਰੋਨਾ ਦੇ 4435 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 4,47,33,719 ਹੋ ਗਈ। ਇਹ ਪਿਛਲੇ 163 ਦਿਨਾਂ ’ਚ ਰੋਜ਼ਾਨਾ ਰਿਪੋਰਟ ਕੀਤੇ ਗਏ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ। ਪਿਛਲੇ ਸਾਲ 25 ਸਤੰਬਰ ਨੂੰ 4,777 ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,30,916 ਹੋ ਗਈ ਹੈ।




